ਗੱਡੀ 'ਤੇ ਪੀਲੀ ਬੱਤੀ, ਅਫਸਰੀ ਟੌਰ ਤੇ ਕੰਮ ਨਸ਼ਾ ਤਸਕਰੀ
ਏਬੀਪੀ ਸਾਂਝਾ | 24 Aug 2016 03:57 AM (IST)
ਜੀਰਕਪੁਰ: ਗੱਡੀ 'ਤੇ ਪੀਲੀ ਬੱਤੀ, ਅਫਸਰੀ ਟੌਰ ਤੇ ਕੰਮ ਨਸ਼ਾ ਤਸਕਰੀ। ਜੀ ਹੀ ਇਹ ਸੱਚ ਹੈ। ਖਬਰ ਰਾਜਧਾਨੀ ਚੰਡੀਗੜ੍ਹ ਨਾਲ ਲਗਦੇ ਮੋਹਾਲੀ ਦੇ ਜ਼ੀਰਕਪੁਰ ਤੋਂ ਹੈ। ਇੱਥੇ ਪੁਲਿਸ ਨੇ ਇੱਕ ਔਰਤ ਸਮੇਤ 3 ਲੋਕਾਂ ਨੂੰ ਨਸ਼ਾ ਤਸਕਰੀ ਦੇ ਇਲਜ਼ਾਮਾਂ ਤਹਿਤ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਤਾਬਕ ਇਹ ਲੋਕ ਪੀਲੀ ਬੱਤੀ ਬੱਤੀ ਲੱਗੀ ਗੱਡੀ 'ਚ ਨਸ਼ਾ ਤਸਕਰੀ ਕਰਦੇ ਸਨ। ਇਹਨਾਂ ਤੋਂ ਹੈਰੋਇਨ, ਨਸ਼ੀਲੀਆਂ ਦਵਾਈਆਂ ਤੇ ਨਕਦੀ ਸਮੇਤ ਏਅਰ ਪਿਸਟਲ ਵੀ ਬਰਾਮਦ ਕੀਤੇ ਗਏ ਹਨ। ਪੁਲਿਸ ਮੁਤਾਬਕ ਜਾਣਕਾਰੀ ਮਿਲੀ ਕਿ ਜੀਰਕਪੁਰ ਦੇ ਰਹਿਣ ਵਾਲੇ ਨਵਦੀਪ ਸਿੰਘ, ਤਰੁਣ ਗੋਇਲ ਤੇ ਸੁਮਨ ਗੋਇਲ ਡਰੱਗਜ਼ ਸਪਲਾਈ ਕਰਦੇ ਹਨ। ਪੁਲਿਸ ਨੇ ਇਹਨਾਂ 'ਤੇ ਨਜ਼ਰ ਰੱਖਣੀ ਸ਼ੁਰੂ ਕੀਤੀ। ਇਸੇ ਦੌਰਾਨ ਇਹ ਤਿੰਨੇ ਇੱਕ ਪੀਲੀ ਬੱਤੀ ਲੱਗੀ ਕਰੂਜ਼ ਗੱਡੀ 'ਤੇ ਜਾਂਦੇ ਦਿਖੇ। ਪੁਲਿਸ ਨੇ ਤੁਰੰਤ ਰੋਕ ਕੇ ਤਲਾਸ਼ੀ ਲਈ ਤਾਂ ਗੱਡੀ 'ਚੋਂ 52 ਗ੍ਰਾਮ ਹੈਰੋਇਨ, 2000 ਤੋਂ ਵੱਧ ਨਸ਼ੀਲੀਆਂ ਗੋਲੀਆਂ, 3 ਲੱਖ 40 ਹਜ਼ਾਰ ਰੁਪਏ ਨਕਦ, 2 ਏਅਰ ਪਿਸਟਲ ਤੇ ਇੱਕ ਡੰਮੀ ਪਿਸਤੌਲ ਬਰਾਮਦ ਕੀਤਾ ਗਿਆ। ਜੀਰਕਪੁਰ ਪੁਲਿਸ ਨੇ ਇਹਨਾਂ ਤਿੰਨਾਂ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਪੁਲਿਸ ਇਹਨਾਂ ਤੋਂ ਹੋਰ ਵੀ ਪੁੱਛਗਿੱਛ ਕਰ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਇਹਨਾਂ ਦੇ ਇਸ ਕਾਰੋਬਾਰ ਦੇ ਤਾਰ ਕਿੱਥੇ ਕਿੱਥੇ ਜੁੜੇ ਹੋਏ ਹਨ।