ਪਟਿਆਲਾ: ਪੰਜਾਬ ਦੀ ਰਾਜਨੀਤੀ 'ਚ ਲਗਾਤਾਰ ਨਵੇਂ ਸਮੀਕਰਨ ਬਦਲ ਰਹੇ ਹਨ। ਆਮ ਆਦਮੀ ਪਾਰਟੀ ਦੇ ਮੁਅੱਤਲ ਸਾਂਸਦ ਡਾ. ਧਰਮਵੀਰ ਗਾਂਧੀ ਕੱਲ੍ਹ ਮਿਲਣ ਵਾਲਿਆਂ ਦਾ ਕੇਂਦਰ ਰਹੇ। ਉਨ੍ਹਾਂ ਨੂੰ ਮਿਲਣ ਆਵਾਜ਼-ਏ-ਪੰਜਾਬ ਫਰੰਟ ਦੇ ਲੀਡਰ ਪਰਗਟ ਸਿੰਘ ਪਹੁੰਚੇ। ਇਸ ਦੇ ਨਾਲ ਹੀ ‘ਆਪ’ ਚੋਂ ਮੁਅੱਤਲ ਕੀਤੇ ਗਏ ਪੰਜਾਬ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਵੀ ਕੱਲ੍ਹ ਡਾ. ਗਾਂਧੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਬਾਅਦ ਛੋਟੇਪੁਰ ਤੇ ਪਰਗਟ ਸਿੰਘ ਨੇ ਆਪਣੇ ਫੇਸਬੁੱਕ ਪੇਜ 'ਤੇ ਸਟੇਟਸ ਪਾ ਕੇ ਪੁਸ਼ਟੀ ਵੀ ਕੀਤੀ।

 



 

ਇਨ੍ਹਾਂ ਦੋਨਾਂ ਲੀਡਰਾਂ ਨਾਲ ਮੁਲਾਕਾਤ ਬਾਰੇ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ ਨੇ ਆ ਕੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਵਰਤੋ ਅਤੇ ਸੁੱਟੋ ਦੀ ਕਵਾਇਦ ਚੱਲ ਰਹੀ ਹੈ, ਜਿਸ ਕਾਰਨ ਬਹੁਤ ਸਾਰੇ ‘ਆਪ’ ਵਰਕਰ ਨਿਰਾਸ਼ ਹਨ। ਇਸ ਲਈ ਉਨ੍ਹਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ। ਇਸ 'ਤੇ ਉਨ੍ਹਾਂ ਛੋਟੇਪੁਰ ਨੂੰ ਪੰਜਾਬ ਦੇ ਭਲੇ ਬਾਰੇ ਜਾਰੀ ਕੀਤਾ ਪੇਪਰ ਦੇ ਦਿੱਤਾ ਅਤੇ ਕਿਹਾ ਕਿ ਉਹ ਇਸ ’ਤੇ ਅਮਲ ਕਰਨ ਤਾਂ ਹੀ ਉਨ੍ਹਾਂ ਦਾ ਏਕਾ ਹੋ ਸਕਦਾ ਹੈ। ਡਾ. ਗਾਂਧੀ ਨੇ ਕਿਹਾ ਕਿ ਬੇਸ਼ੱਕ ਪਹਿਲਾਂ ਛੋਟੇਪੁਰ ਨੇ ਉਨ੍ਹਾਂ ਵਿਰੁੱਧ ਕੰਮ ਕੀਤਾ ਸੀ ਪਰ ਉਸ ਨਾਲ ਵੀ ਆਮ ਆਦਮੀ ਪਾਰਟੀ ਨੇ ਗ਼ਲਤ ਕੀਤਾ ਹੈ। ਉਸ ਨੂੰ ਵਰਤ ਕੇ ਸੁੱਟ ਦਿੱਤਾ ਹੈ। ਇਸ ਕਰਕੇ ਉਹ ਇਕੱਠੇ ਹੋਣ ਬਾਰੇ ਵਿਚਾਰ ਕਰ ਰਹੇ ਹਨ।

 

 

 

ਇਸ ਦੇ ਨਾਲ ਹੀ ਸਾਂਸਦ ਗਾਂਧੀ ਨੇ ਕਿਹਾ ਕਿ ਆਵਾਜ਼-ਏ-ਪੰਜਾਬ ਦੇ ਲੀਡਰ ਪਰਗਟ ਸਿੰਘ ਵੀ ਉਨ੍ਹਾਂ ਨੂੰ ਮਿਲਣ ਲਈ ਆਏ ਸਨ। ਉਹ ਵੀ ਮੈਨੂੰ ਆਪਣੇ ਨਾਲ ਚੱਲਣ ਲਈ ਕਹਿ ਰਹੇ ਸਨ। ਇਸ 'ਤੇ ਉਨ੍ਹਾਂ ਨੂੰ ਵੀ ਆਪਣਾ ਪਰਚਾ ਦੇ ਦਿੱਤਾ ਹੈ ਤੇ ਇਸ ’ਤੇ ਵਿਚਾਰ ਕਰ ਲੈਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਉਹ ਉਸ ਤੋਂ ਬਾਅਦ ਹੀ ਉਨ੍ਹਾਂ ਨਾਲ ਚੱਲਣ ਬਾਰੇ ਵਿਚਾਰ ਕਰਨਗੇ।