'ਘਾਤਕ' ਦਾ ਦਮ, ਗੱਡੀ 'ਚ ਬੰਬ
ਏਬੀਪੀ ਸਾਂਝਾ | 13 Aug 2016 09:23 AM (IST)
ਮੋਹਾਲੀ: ਪੰਜਾਬ ਪੁਲਿਸ ਹੁਣ ਹੋਰ ਵੀ 'ਘਾਤਕ' ਹੋ ਗਈ ਹੈ। ਕਿਸੇ ਵੀ ਕਿਸਮ ਦੇ ਖਤਰੇ ਨਾਲ ਨਜਿੱਠਣ ਲਈ ਹੁਣ ਪੁਲਿਸ ਦਾ ਨਵਾਂ 'ਘਾਤਕ ਦਸਤਾ' ਤਿਆਰ ਹੈ। ਇਹਨਾਂ ਨੂੰ 'ਨਿਰਭਓ ਕਮਾਂਡੋ' ਦਾ ਨਾਮ ਦਿੱਤਾ ਗਿਆ ਹੈ। ਐਨਐਸਜੀ ਤੇ ਆਰਮੀ ਦੀ ਸਭ ਤੋਂ ਸਖਤ ਪੈਰਾ ਵਨ ਨਾਲ ਟਰੇਨਿੰਗ ਕਰਨ ਵਾਲੇ ਇਹਨਾਂ ਕਮਾਂਡੋਜ਼ ਕੋਲ ਪਿਸਟਲ ਤੋਂ ਆਟੋਮੈਟਿਕ ਮਸ਼ੀਨ ਗੰਨ ਸਮੇਤ ਬੰਬ ਤੱਕ ਦਾ ਹਰ ਹਥਿਆਰ ਮੌਜੂਦ ਰਹਿੰਦਾ ਹੈ। ਇਸ ਵਾਰ 15 ਅਗਸਤ ਮੌਕੇ ਹੋਣ ਵਾਲੇ ਸੂਬਾ ਪੱਧਰੀ ਸਮਾਗਮ 'ਚ ਸੁਰੱਖਿਆ ਲਈ ਇਸ ਦਸਤੇ ਨੂੰ ਪਹਿਲੀ ਵਾਰ ਤਾਇਨਾਤ ਕੀਤਾ ਗਿਆ ਹੈ। ਪੁਲਿਸ ਦੇ ਇਹਨਾਂ ਖਾਸ ਟਰੇਂਡ ਕਮਾਂਡੋਜ਼ ਨੂੰ 'ਨਿਰਭਓ ਕਮਾਂਡੋ' ਦਾ ਬੈਚ ਦਿੱਤਾ ਗਿਆ ਹੈ। ਇਹਨਾਂ ਦਾ ਮੋਟੋ ਵੀ ਖਾਸ ਹੈ, "ਜਿਸਕਾ ਸਾਹਿਬ ਡਾਹਡਾ ਹੋਇ, ਉਸੇ ਮਾਰ ਨਾ ਸਕੇ ਕੋਇ।" ਇਹਨਾਂ ਕਮਾਂਡੋਜ਼ ਦੇ ਦਸਤੇ ਨੂੰ 'ਘਾਤਕ ਦਸਤੇ' ਦਾ ਨਾਮ ਦਿੱਤਾ ਗਿਆ ਹੈ। ਮਤਲਬ ਸਾਫ ਹੈ, ਕਿ ਇਹ ਜਵਾਨ ਆਪਣੇ ਨਾਮ ਵਾਂਗ ਹੀ ਦਿਲੇਰ ਤੇ ਘਾਤਕ ਹਨ। ਦੁਸ਼ਮਣ ਇਹਨਾਂ ਸਾਹਮਣੇ ਟਿਕ ਨਹੀਂ ਸਕੇਗਾ। ਇਸ ਦਸਤੇ ਨੂੰ ਖਤਰਨਾਕ ਹਲਾਤਾਂ ਤੇ ਹਮਲੇ ਦੀ ਸਥਿਤੀ ਨੂੰ ਸੰਭਾਲਣ ਦੀ ਜਿੰਮੇਵਾਰੀ ਦਿੱਤੇ ਜਾਣ ਲਈ ਤਿਆਰ ਕੀਤਾ ਗਿਆ ਹੈ। ਘਾਤਕ ਕਮਾਂਡੋਜ਼ ਨੂੰ ਹਰ ਸਹੂਲਤ ਨਾਲ ਲੈਸ ਕੀਤਾ ਗਿਆ ਹੈ। ਹਰ ਪਲ ਤਿਆਰ-ਬਰ ਤਿਆਰ ਰਹਿਣ ਵਾਲੇ ਇਹਨਾਂ ਕਮਾਂਡੋ ਦੀ ਗੱਡੀ ਚੱਲਦੀ ਫਿਰਦੀ ਅਸਲਾ ਫੈਕਟਰੀ ਹੈ। ਇਸ ਗੱਡੀ 'ਚ ਪਿਸਟਲ ਵਰਗੇ ਹਥਿਆਰ ਤੋਂ ਲੈ ਕੇ, ਐਲਐਮਜੀ, ਆਟੋਮੈਟਿਕ ਮਸ਼ੀਨ ਗੰਨ ਤੇ ਬੰਬ ਤੱਕ ਦੇ ਖਤਰਨਾਕ ਹਥਿਆਰ ਮੌਜੂਦ ਹਨ। ਦੇਸ਼ ਵਿਰੋਧੀ ਤਾਕਤਾਂ ਤੇ ਅੱਤਵਾਦੀ ਗਤੀਵਿਧੀਆਂ ਦੇ ਮੱਦੇਨਜ਼ਰ ਸੂਬੇ ਦੀ ਰਾਖੀ ਲਈ ਪਹਿਲਾਂ ਸਵੈਟ ਤੇ ਹੁਣ ਇਸ ਘਾਤਕ ਦਸਤੇ ਨੂੰ ਤਿਆਰ ਕੀਤਾ ਗਿਆ ਹੈ।