ਚੰਡੀਗੜ੍ਹ: ਸ਼ਹਿਰ ਦੇ ਸੈਕਟਰ 25 ‘ਚ ਕਤਲ ਕੀਤੇ ਨੌਜਵਾਨ ਦਾ ਅੰਤਿੰਮ ਸੰਸਕਾਰ ਅੱਜ ਕੀਤਾ ਜਾਵੇਗਾ। ਮ੍ਰਿਤਕ ਦੇ ਪਰਿਵਾਰ ਨੇ ਸਾਰੇ ਮੁਲਜ਼ਮਾਂ ਦੀ ਗ੍ਰਿਫਤਾਰੀ ਕੀਤੇ ਜਾਣ ਤੱਕ ਸੰਸਕਾਰ ਨਾ ਕਰਨ ਦੀ ਧਮਕੀ ਦਿੱਤੀ ਸੀ। ਪੁਲਿਸ ਨੇ ਇਸ ਮਾਮਲੇ 'ਚ ਕਤਲ ਦਾ ਮਾਮਲਾ ਦਰਜ ਕਰ ਪਹਿਲਾਂ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ ਜਦਕਿ 2 ਮੁਲਜ਼ਮ ਪਿਓ ਪੁੱਤ ਨੂੰ ਕੱਲ੍ਹ ਗ੍ਰਿਫਤਾਰ ਕਰ ਲਿਆ ਗਿਆ। ਸਾਰੇ ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਸੰਤੁਸ਼ਟ ਹੋਏ ਪਰਿਵਾਰ ਨੇ ਅੰਤਿੰਮ ਸੰਸਕਾਰ ਕਰਨ ਦੀ ਗੱਲ ਮੰਨੀ ਹੈ।
ਚੰਡੀਗੜ੍ਹ ਦੇ ਸੈਕਟਰ 25 ਦੀ ਭਾਸਕਰ ਕਲੋਨੀ ਦੇ ਰਹਿਣ ਵਾਲੇ 18 ਸਾਲਾ ਵਿਕਾਸ ਦਾ 3 ਅਗਸਤ ਦੀ ਸ਼ਾਮ ਕਤਲ ਕਰ ਦਿੱਤਾ ਗਿਆ ਸੀ। ਇਲਜ਼ਾਮ ਹਨ ਕਿ ਇਸੇ ਕਲੋਨੀ ਦੇ ਰਹਿਣ ਵਾਲੇ ਲੜਕਿਆਂ ਨੇ ਵਿਕਾਸ ਦਾ ਸ਼ਰੇਆਮ ਬੇਰਹਿਮੀ ਨਾਲ ਕਤਲ ਕੀਤਾ ਹੈ। ਪਰਿਵਾਰ ਮੁਤਾਬਕ ਇਨ੍ਹਾਂ ਲੜਕਿਆਂ ਨੇ ਪਹਿਲਾਂ ਵੀ ਵਿਕਾਸ ਦੇ ਘਰ ਹਮਲਾ ਕੀਤਾ ਸੀ ਪਰ ਉਸ ਵੇਲੇ ਪੁਲਿਸ ਦੀ ਢਿੱਲੀ ਕਾਰਵਾਈ ਦੇ ਚੱਲਦਿਆਂ ਬੇਖੌਫ ਮੁਲਜ਼ਮਾਂ ਨੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਭੜਕੇ ਪਰਿਵਾਰ ਵਾਲਿਆਂ ਸਮੇਤ ਵੱਡੀ ਗਿਣਤੀ ਲੋਕਾਂ ਨੇ ਕੱਲ੍ਹ ਸੈਕਟਰ 25 ਦੇ ਚੌਂਕ ‘ਚ ਜਾਮ ਲਗਾ ਕੇ ਪ੍ਰਦਰਸ਼ਨ ਕੀਤਾ ਸੀ। ਹਾਲਾਂਕਿ ਪੁਲਿਸ ਵੱਲੋਂ ਕਾਰਵਾਈ ਦੇ ਭਰੋਸੇ ਤੋਂ ਬਾਅਦ ਪ੍ਰਦਰਸ਼ਨ ਖਤਮ ਕਰ ਦਿੱਤਾ ਗਿਆ ਸੀ। ਪਰ ਪਰਿਵਾਰ ਨੇ ਕੱਲ੍ਹ ਤੀਜੇ ਦਿਨ ਤੱਕ ਵੀ ਵਿਕਾਸ ਦਾ ਅੰਤਿੰਮ ਸੰਸਕਾਰ ਨਹੀਂ ਕੀਤਾ ਸੀ। ਪਰ ਹੁਣ ਪੁਲਿਸ ਵੱਲੋਂ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤੇ ਜਾਣ ਮਗਰੋਂ ਪਰਿਵਾਰ ਨੇ ਤਸੱਲੀ ਪ੍ਰਗਟਾਈ ਹੈ। ਅੱਜ ਦੁਪਹਿਰ 1 ਵਜੇ ਵਿਕਾਸ ਦਾ ਅੰਤਿੰਮ ਸੰਸਕਾਰ ਕੀਤਾ ਜਾਏਗਾ।