ਚੰਡੀਗੜ੍ਹ: ਸ਼ਹਿਰ 'ਚ ਇੱਕ ਬਿਜ਼ਨਸਮੈਨ ਦੀ ਪਤਨੀ ਤੋਂ ਮਰਸਡੀਜ਼ ਕਾਰ ਲੁੱਟ ਲਈ ਗਈ ਹੈ। ਘਟਨਾ ਬੀਤੀ ਰਾਤ ਚੰਡੀਗੜ੍ਹ ਦੇ ਸੈਕਟਰ 15 ਦੀ ਹੈ। ਇੱਥੇ 2 ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਭੀੜ ਵਾਲੀ ਮਾਰਕਿਟ 'ਚ ਵਾਪਰੀ ਇਸ ਘਟਨਾ 'ਤੇ ਤੁਰੰਤ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ। ਪੁਲਿਸ ਨੇ ਮਾਮਲਾ ਦਰਜ ਕਰ ਅਣਪਛਾਤੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

 

 

 

 

ਜਾਣਕਾਰੀ ਮੁਤਾਬਕ ਸੈਕਟਰ 15 ਦੇ ਰਹਿਣ ਵਾਲੇ ਬਿਜ਼ਨਸਮੈਨ ਸੁਖਦੇਵ ਸਿੰਘ ਆਪਣੀ ਪਤਨੀ ਤੇ ਬੇਟੇ ਨਾਲ ਸੈਕਟਰ 15 ਦੀ ਮਾਰਕਿਟ ਪਹੁੰਚੇ ਸਨ। ਇੱਥੇ ਸੁਖਦੇਵ ਕਾਰ 'ਚੋਂ ਉੱਤਰ ਕੇ 3 ਸਾਲਾ ਬੇਟੇ ਸਮੇਤ ਕੋਈ ਸਮਾਨ ਲੈਣ ਲਈ ਗਏ। ਪਿੱਛੇ ਉਨ੍ਹਾਂ ਦੀ ਪਤਨੀ ਪਰਮਪ੍ਰੀਤ ਕਾਰ 'ਚ ਹੀ ਮੌਜੂਦ ਸੀ। ਇਸੇ ਦੌਰਾਨ 2 ਲੜਕੇ ਆਏ। ਉਨ੍ਹਾਂ ਪਹਿਲਾਂ ਕਾਰ ਸਾਈਡ ਕਰਨ ਲਈ ਕਿਹਾ। ਪਰ ਪਰਮਪ੍ਰੀਤ ਨੇ ਕਿਹਾ ਕਿ ਉਹ ਕਾਰ ਚਲਾਉਣ ਨਹੀਂ ਜਾਣਦੀ। ਇਸੇ ਦੌਰਾਨ ਦੋਵੇਂ ਲੜਕੇ ਕਾਰ 'ਚ ਦਾਖਲ ਹੋਏ। ਇੱਕ ਡਰਾਈਵਿੰਗ ਸੀਟ 'ਤੇ ਬੈਠ ਕੇ ਕਾਰ ਚਲਾਉਣ ਲੱਗਾ ਤੇ ਦੂਸਰੇ ਨੇ ਪਿਛਲੀ ਸੀਟ 'ਤੇ ਬੈਠ ਪਰਮਪ੍ਰੀਤ ਦਾ ਗਲਾ ਫੜ ਲਿਆ। ਅਜਿਹੇ 'ਚ ਉਹ ਰੌਲਾ ਪਾਉਣ ਲੱਗੀ ਤੇ ਕਾਰ 'ਚੋਂ ਛਾਲ ਮਾਰ ਦਿੱਤੀ। ਪਰ ਲੁਟੇਰੇ ਕਾਰ ਲੈ ਕੇ ਫਰਾਰ ਹੋ ਗਏ।

 

 

 

ਇਸ ਵਾਰਦਾਤ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਗਈ। ਪੁਲਿਸ ਮੌਕੇ 'ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ ਗਈ। ਜਖਮੀ ਪਰਮਪ੍ਰੀਤ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਫਿਲਹਾਲ ਪੁਲਿਸ ਲਗਾਤਾਰ ਲੁਟੇਰਿਆਂ ਦੀ ਭਾਲ ਕਰ ਰਹੀ ਹੈ। ਘਟਨਾ ਦੌਰਾਨ ਪਰਮਪ੍ਰੀਤ ਦਾ ਮੋਬਾਈਲ ਫੋਨ ਕਾਰ 'ਚ ਰਹਿ ਗਿਆ ਸੀ। ਪਰ ਥੋੜੀ ਦੇਰ ਬਾਅਦ ਉਹ ਸੈਕਟਰ 24 'ਚੋਂ ਬਰਾਮਦ ਕੀਤਾ ਗਿਆ ਹੈ।