ਜਾਖੜ ਨੇ ਖੋਲ੍ਹੀ ਬਾਦਲ ਸਰਕਾਰ ਦੀ ਪੋਲ
ਏਬੀਪੀ ਸਾਂਝਾ | 03 Sep 2016 10:49 AM (IST)
ਜਲੰਧਰ: ਪੰਜਾਬ ਦੀ ਅਕਾਲੀ ਸਰਕਾਰ ਸੂਬੇ 'ਚ ਵਿਕਾਸ ਦੇ ਨਾਮ 'ਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਸੱਤਾ ਧਿਰ 'ਤੇ ਇਹ ਇਲਜ਼ਾਮ ਕਾਂਗਰਸ ਲੀਡਰ ਤੇ ਸਾਬਕਾ ਵਿਰੋਧੀ ਧਿਰ ਆਗੂ ਸੁਨੀਲ ਜਾਖੜ ਨੇ ਲਗਾਏ ਹਨ। ਜਾਖੜ ਨੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ 'ਤੇ ਹਮਲਾ ਬੋਲਦਿਆਂ ਕਿਹਾ ਪੰਜਾਬ 'ਚ ਸ਼ਹਿਰਾਂ ਦੇ ਵਿਕਾਸ ਦੇ ਨਾਮ ਤੇ ਝੂਠੇ ਇਸ਼ਤਿਹਾਰ ਜਾਰੀ ਕੀਤੇ ਜਾ ਰਹੇ ਹਨ। ਜਦਕਿ ਸ਼ਹਿਰਾਂ ਦੀ ਅਸਲ ਤਸਵੀਰ ਬਿਲਕੁਲ ਵੱਖ ਹੈ। ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ਼ਤਿਹਾਰ ਜਾਰੀ ਕਰ ਦਾਅਵਾ ਕੀਤਾ ਹੈ ਕਿ ਬਠਿੰਡਾ 'ਚ ਵਿਕਾਸ 'ਤੇ 1735 ਕਰੋੜ ਅਤੇ ਜਲੰਧਰ ਦੇ ਵਿਕਾਸ ਲਈ 2186 ਕਰੋੜ ਰੁਪਏ ਖਰਚ ਕੀਤੇ ਗਏ ਹਨ। ਪਰ ਅਸਲ 'ਚ ਸ਼ਹਿਰਾਂ ਦੀ ਹਾਲਤ ਬੇਹੱਦ ਤਰਸਯੋਗ ਹੈ। ਜਾਖੜ ਨੇ ਦੋਨਾਂ ਸ਼ਹਿਰਾਂ ਦੀ ਸੱਚਾਈ ਬਿਆਨ ਕਰਦੀਆਂ ਕਈ ਤਸਵੀਰਾਂ ਵੀ ਦਿਖਾਈਆਂ। ਉਨ੍ਹਾਂ ਕਿਹਾ ਕਿ ਇਸ ਮੁੱਦੇ 'ਤੇ ਉਹ ਵਿਧਾਨਸਭਾ 'ਚ ਪ੍ਰਿਵਲੇਜ਼ ਮੋਸ਼ਨ ਲਿਆਉਣਗੇ। ਸੁਨੀਲ ਜਾਖੜ ਨੇ ਇਲਜ਼ਾਮ ਲਗਾਇਆ ਕਿ ਕੇਂਦਰ ਸਰਕਾਰ ਦੀ ਅਮਰੂਤ ਸਕੀਮ ਤਹਿਤ ਪੰਜਾਬ ਨੂੰ ਹੁਣ ਤੱਕ 144 ਕਰੋੜ ਰੁਪਏ ਮਿਲੇ ਹਨ। ਪਰ ਪੰਜਾਬ ਸਰਕਾਰ ਨੇ ਅਜੇ ਤੱਕ ਇਸ ਰਕਮ 'ਚੋਂ ਕਿਸੇ ਨਗਰ ਨਿਗਮ ਨੂੰ ਵਿਕਾਸ ਕਾਰਜਾਂ ਲਈ ਇੱਕ ਪੈਸਾ ਵੀ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਆਖਰ ਇਹ ਪੈਸਾ ਕਿੱਥੇ ਗਿਆ...? ਕੀ ਬਾਦਲ ਸਾਹਿਬ ਨੇ ਇਹ ਪੈਸਾ ਸੰਗਤ ਦਰਸ਼ਨ 'ਚ ਵੰਡ ਦਿੱਤਾ...? ਇਸ ਦੀ ਜਾਂਚ ਹੋਣੀ ਚਾਹੀਦੀ ਹੈ।