ਬਾਦਲਾਂ ਦੇ ਰਾਜ 'ਚ 27 ਮਹਿਕਮਿਆਂ ਦੀ ਸੇਵਾ!
ਏਬੀਪੀ ਸਾਂਝਾ | 03 Sep 2016 09:26 AM (IST)
ਜਲੰਧਰ : ਸ਼੍ਰੋਮਣੀ ਅਕਾਲੀ ਦਲ 'ਚੋਂ ਸਸਪੈਂਡ ਕੀਤੇ ਵਿਧਾਇਕ ਪਰਗਟ ਸਿੰਘ ਨੇ ਇੱਕ ਵਾਰ ਫਿਰ ਬਾਦਲ ਪਰਿਵਾਰ 'ਤੇ ਨਿਸ਼ਾਨਾ ਬੰਨਿਆ ਹੈ। ਉਨ੍ਹਾਂ ਏ.ਬੀ.ਪੀ. ਸਾਂਝਾ ਨਾਲ ਖ਼ਾਸ ਗੱਲਬਾਤ ਵਿੱਚ ਕਿਹਾ ਕਿ ਬਾਦਲ ਪਰਿਵਾਰ ਕੋਲ ਪੰਜਾਬ ਦੇ 27 ਮਹਿਕਮੇ ਹਨ। ਇਸ ਦਾ ਮਤਲਬ ਹੈ ਕਿ ਪੰਜਾਬ ਵਿੱਚ ਕੋਈ ਹੋਰ ਚੰਗਾ ਵਿਅਕਤੀ ਨਹੀਂ ਹੈ। ਪਰਗਟ ਸਿੰਘ ਨੇ ਕਿਹਾ ਕਿ ਮੈਂ ਸਿਸਟਮ ਵਿੱਚ ਰਹਿ ਕੇ ਲੜਾਈ ਲੜਦਾ ਰਿਹਾ, ਪਰ ਮੇਰੀ ਕਿਸੇ ਨੇ ਨਾ ਸੁਣੀ। ਉਨ੍ਹਾਂ ਕਿਹਾ ਕਿ ਸਰਕਾਰ 'ਤੇ ਦੋ ਲੱਖ ਕਰੋੜ ਦਾ ਕਰਜ਼ਾ ਹੈ। ਇਸ ਦੇ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੈ। ਸਾਡੇ ਸਿਸਟਮ ਨੂੰ ਭ੍ਰਿਸ਼ਟਾਚਾਰ ਨੇ ਮਾਰਿਆ ਹੈ। ਨਵੇਂ ਫ਼ਰੰਟ ਬਾਰੇ ਗੱਲਬਾਤ ਕਰਦਿਆਂ ਪਰਗਟ ਸਿੰਘ ਨੇ ਕਿਹਾ ਕਿ ਪਿਛਲੇ 20-25 ਦਿਨਾਂ ਵਿੱਚ ਨਵਜੋਤ ਸਿੰਘ ਸਿੱਧੂ ਨਾਲ ਚਾਰ-ਪੰਜ ਮੁਲਾਕਾਤਾਂ ਹੋਈਆਂ। ਇਸ ਤੋਂ ਬਾਅਦ ਹੀ ਅਸੀਂ ਪੰਜਾਬ ਨੂੰ ਬਚਾਉਣ ਦੇ ਲਈ ਨਵਾਂ ਫ਼ਰੰਟ ਬਣਾਉਣ ਦਾ ਫ਼ੈਸਲਾ ਲਿਆ।ਆਪਣੇ ਫ਼ਰੰਟ ਬਾਰੇ ਉਨ੍ਹਾਂ ਕਿਹਾ ਕਿ ਸਾਡੇ ਫ਼ਰੰਟ ਵਿੱਚ ਚੰਗੇ ਵਿਅਕਤੀ ਆਉਣ। ਜ਼ਿੰਮੇਵਾਰੀ ਨਾਲ ਕੰਮ ਕਰਨ। ਪੰਜਾਬ ਨੂੰ ਬਚਾਉਣਾ ਹੀ ਸਾਡਾ ਮੁੱਖ ਉਦੇਸ਼ ਹੈ। ਹੋਰ ਪਾਰਟੀਆਂ ਵਿੱਚ ਸ਼ਾਮਿਲ ਹੋਣ ਸਬੰਧੀ ਚਰਚਾਵਾਂ 'ਤੇ ਪਰਗਟ ਸਿੰਘ ਨੇ ਕਿਹਾ ਕਿ ਮੈਂ ਕਿਸੇ ਪਾਰਟੀ ਨੂੰ ਬੁਰਾ ਨਹੀਂ ਕਹਿੰਦਾ, ਪਰ ਸਵਾਲ ਤਾਂ ਉਨ੍ਹਾਂ ਨੂੰ ਚਲਾਉਣ ਵਾਲਿਆਂ 'ਤੇ ਹੈ।