ਚੰਡੀਗੜ੍ਹ: ਭਾਰਤ-ਪਾਕਿ ਵਿਚਾਲੇ ਬਣੇ ਤਣਾਅ ਦਾ ਸਭ ਤੋਂ ਜਿਆਦਾ ਅਸਰ ਪੰਜਾਬ 'ਤੇ ਪੈ ਰਿਹਾ ਹੈ। ਪੰਜਾਬ ਦੇ ਕਰੀਬ 1000 ਸਰਹੱਦੀ ਪਿੰਡਾਂ ਨੂੰ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਹੈ। ਸਰਕਾਰ ਨੇ ਹਾਈ ਅਲਰਟ ਜਾਰੀ ਕੀਤਾ ਹੋਇਆ ਹੈ। ਦੋਨਾਂ ਦੇਸ਼ਾਂ 'ਚ ਬਣੇ ਜੰਗ ਵਰਗੇ ਹਲਾਤ ਤੋਂ ਬਾਅਦ ਮੁੱਖ ਮੰਤਰੀ ਬਾਦਲ ਨੇ ਦੇਰ ਸ਼ਾਮ ਕੈਬਨਿਟ ਮੀਟਿੰਗ ਬੁਲਾ ਕੇ ਸੂਬੇ ਦੇ ਲੋਕਾਂ ਦੀ ਸੁਰੱਖਿਆ ਲਈ ਜਰੂਰੀ ਕਦਮ ਚੁੱਕੇ ਜਾਣ ਦੇ ਮੁੱਦੇ 'ਤੇ ਗੱਲਬਾਤ ਕਰ ਫੈਸਲੇ ਲਏ।
ਮੁੱਖ ਮੰਤਰੀ ਬਾਦਲ ਮੁਤਾਬਕ ਸਰਹੱਦ ਦੇ 10 ਕਿਲੋਮੀਟਰ ਦਾਇਰੇ ਦੇ ਅੰਦਰ ਆਉਂਦੇ ਪਿੰਡਾਂ ਨੂੰ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਹੈ। ਸਰਹੱਦ ਨਾਲ ਲਗਦੇ 6 ਜਿਲ੍ਹਿਆਂ 'ਚ ਫਾਜ਼ਿਲਕਾ ਦੇ 60 ਪਿੰਡ, ਫਿਰੋਜ਼ਪੁਰ ਦੇ 300, ਤਰਨਤਾਰਨ ਦੇ 135, ਅੰਮ੍ਰਿਤਸਰ ਦੇ 137, ਗੁਰਦਾਸਪੁਰ ਦੇ 290, ਤੇ ਪਠਾਨਕੋਟ ਦੇ 65 ਪਿੰਡ ਪ੍ਰਭਾਵਤ ਹੋਏ ਹਨ। ਲੋਕਾਂ ਦੇ ਰਹਿਣ ਲਈ ਹੋਰ ਪਿੰਡਾਂ ਦੇ ਸਕੂਲਾਂ, ਗੁਰਦੁਆਰਿਆਂ ਤੇ ਧਰਮਸ਼ਾਲਾ ਸਮੇਤ ਹੋਰ ਸੁਰੱਖਿਅਤ ਥਾਵਾਂ 'ਤੇ ਕੈਂਪ ਲਗਾਏ ਗਏ ਹਨ। ਲੋਕਾਂ ਦੇ ਖਾਣ-ਪੀਣ ਅਤੇ ਹੋਰ ਜਰੂਰਤਾਂ ਨੂੰ ਪੂਰਾ ਕਰਨ ਦੇ ਹੁਕਮ ਦਿੱਤੇ ਗਏ ਹਨ। ਪ੍ਰਭਾਵਤ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਤੁਰੰਤ 1-1 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਸਾਰੇ ਅਫਸਰਾਂ ਦੀਆਂ ਛੁੱਟੀਆਂ ਰੱਦ ਕੀਤੀਆਂ ਗਈਆਂ ਹਨ।
ਸਰਕਾਰ ਨੇ ਵਿਧਾਇਕਾਂ ਨੂੰ ਆਪਣੇ ਆਪਣੇ ਹਲਕੇ 'ਚ ਰਹਿਣ ਦੇ ਲਈ ਕਿਹਾ ਹੈ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ। ਆਮ ਜਨਤਾ ਦੀ ਸੁਰੱਖਿਆ ਲਈ 1500 ਅਫਸਰ ਤੇ ਜਵਾਨ ਸਰਹੱਦੀ ਇਲਾਕਿਆਂ 'ਚ ਭੇਜੇ ਗਏ ਹਨ। ਇਸ ਦੇ ਨਾਲ ਹੀ ਹੋਮ ਸੈਕਟਰੀ ਤੇ ਏਡੀਜੀਪੀ ਲਾਅ ਐਂਡ ਆਰਡਰ ਨੂੰ ਅੰਮ੍ਰਿਤਸਰ 'ਚ ਰਹਿਣ ਲਈ ਕਿਹਾ ਗਿਆ ਹੈ।