ਮਾਨਸਾ: ਟ੍ਰੇਨ ਤੇ ਕਾਰ ਦੀ ਭਿਆਨਕ ਟੱਕਰ 'ਚ 4 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਬੱਚੇ ਸਮੇਤ 2 ਲੋਕ ਗੰਭੀਰ ਜਖਮੀ ਹਨ। ਜਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਘਟਨਾ ਮਾਨਸਾ ਦੇ ਪਿੰਡ ਚਕੇਰੀਆਂ 'ਚ ਬਿਨਾਂ ਫਾਟਕ ਰੇਲਵੇ ਕਰਾਸਿੰਗ ’ਤੇ ਵਾਪਰਿਆ ਹੈ।

 

 

ਜਾਣਕਾਰੀ ਮੁਤਾਬਕ ਚਕੇਰੀਆਂ ਪਿੰਡ ਦੇ ਬਿਨਾਂ ਫਾਟਕ ਰੇਲਵੇ ਕਰਾਸਿੰਗ ਤੋਂ ਇੱਕ ਇੰਡੀਗੋ ਕਾਰ ਲੰਘ ਰਹੀ ਸੀ। ਇਸੇ ਦੌਰਾਨ ਲਾਈਨ 'ਤੇ ਮਾਲ ਗੱਡੀ ਆ ਗਈ। ਅਜਿਹੇ 'ਚ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ’ਚ ਕਾਰ ਚਾਲਕ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਤਿੰਨ ਔਰਤਾਂ ਛਿੰਦਰ ਕੌਰ, ਹਰਦੀਪ ਕੌਰ ਅਤੇ ਛੋਟੀ ਕੌਰ ਦੀ ਸਿਵਲ ਹਸਪਤਾਲ, ਮਾਨਸਾ ਚ ਇਲਾਜ ਦੌਰਾਨ ਮੌਤ ਹੋ ਗਈ। ਹਾਦਸੇ ’ਚ ਗੰਭੀਰ ਜ਼ਖ਼ਮੀ ਹੋਏ ਬੱਚੇ ਕੁਲਦੀਪ ਸਿੰਘ ਤੇ ਔਰਤ ਸਰਬਜੀਤ ਕੌਰ ਨੂੰ ਪੀਜੀਆਈ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਹੈ।

 

 

ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਣ ਵਾਲਾ ਪਰਿਵਾਰ ਸੰਗਰੂਰ ਜਿਲ੍ਹੇ ਦੇ ਪਿੰਡ ਸੰਗਤਪੁਰਾ ਦਾ ਰਹਿਣ ਵਾਲਾ ਹੈ। ਹਾਦਸੇ ਸਮੇਂ ਉਹ ਮਾਨਸਾ ਜੇਲ੍ਹ ‘ਚ ਕਿਸੇ ਕੈਦੀ ਨਾਲ ਮੁਲਾਕਾਤ ਕਰਕੇ ਵਾਪਸ ਪਰਤ ਰਹੇ ਸਨ। ਘਟਨਾ ਤੋਂ ਬਾਅਦ ਰੇਲਵੇ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।