ਚੰਡੀਗੜ੍ਹ: ਪੰਜਾਬ ਐਂਡ ਹਰਿਆਣਾ ਹਾਈਕੋਰਟ ‘ਚ ਦਾਇਰ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ‘ਤੇ ਹੋਏ ਹਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਸਬੰਧੀ ਪਟੀਸ਼ਨ ‘ਤੇ ਅੱਜ ਸੁਣਵਾਈ  ਹੋਈ। ਹਾਈਕੋਰਟ ਦੇ ਨੋਟਿਸ 'ਤੇ ਸੀਬੀਆਈ ਅਧਿਕਾਰੀਆਂ ਨੇ ਆਪਣਾ ਜਵਾਬ ਦੇ ਦਿੱਤਾ ਹੈ। ਸੀਬੀਆਈ ਨੇ ਅਦਾਲਤ 'ਚ ਕਿਹਾ ਕਿ ਇਸ ਮਾਮਲੇ ਦੇ ਅੰਤਰਰਾਜੀ ਸਬੰਧ ਨਹੀਂ ਹਨ ਤੇ ਪਹਿਲਾਂ ਤੋਂ ਪੈਂਡਿੰਗ ਕੇਸਾਂ ਦੇ ਚੱਲਦੇ ਹੋਰ ਕੇਸ ਲੈਣ ਦੇ ਸਮਰੱਥ ਨਹੀਂ ਹਾਂ। ਪਰ ਜੇਕਰ ਹਾਈਕੋਰਟ ਕਹੇਗੀ ਤਾਂ ਤਾਂ ਅਸੀਂ ਜਾਂਚ ਲਈ ਤਿਆਰ ਹਾਂ। ਪਰ ਮਾਮਲੇ 'ਚ ਪੰਜਾਬ ਸਰਕਾਰ ਤੇ ਡੀਜੀਪੀ ਨੇ ਆਪਣਾ ਜਵਾਬ ਦਾਇਰ ਕਰਨ ਲਈ ਹੋਰ ਸਮਾਂ ਮੰਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 15 ਸਤੰਬਰ ਨੂੰ ਹੋਵੇਗੀ।

 

 

 

ਢੱਡਰੀਆਂ ਵਾਲਿਆਂ ਦੇ ਸਮਰਥਕਾਂ ਵੱਲੋਂ ਦਾਇਰ ਕੀਤੀ ਇਸ ਪਟੀਸ਼ਨ ਤੇ ਪਿਛਲੀ ਸੁਣਵਾਈ ਮਗਰੋਂ  ਪੰਜਾਬ ਸਰਕਾਰ, ਸੀਬੀਆਈ ਤੇ ਡੀਜੀਪੀ ਪੰਜਾਬ ਨੂੰ ਨੋਟਿਸ ਜਾਰੀ ਕਰ ਜਵਾਬ ਮੰਗਿਆ ਗਿਆ ਸੀ। ਇਸ ਤੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਨੋਟਿਸ ਜਾਰੀ ਕਰਦਿਆਂ ਪੰਜਾਬ ਸਰਕਾਰ, ਸੀਬੀਆਈ ਤੇ ਡੀਜੀਪੀ ਪੰਜਾਬ ਤੋਂ ਇਸ ਸਬੰਧੀ ਜਵਾਬ ਮੰਗਿਆਂ ਹੈ। ਇਸ ਤੇ ਅੱਜ ਬੇਸ਼ੱਕ ਸੀਬੀਆਈ ਨੇ ਆਪਣਾ ਜਵਾਬ ਦਾਇਰ ਕਰ ਦਿੱਤਾ ਪਰ ਡੀਜੀਪੀ ਤੇ ਪੰਜਾਬ ਸਰਕਾਰ ਨੇ ਹੋਰ ਸਮਾਂ ਮੰਗ ਲਿਆ ਹੈ।

 

 

ਪਟੀਸ਼ਨਕਰਤਾ ਨੇ ਇਲਜ਼ਾਮ ਲਗਾਇਆ ਹੈ ਕਿ ਉਹ ਇਸ ਹਮਲੇ ਦੇ ਚਸ਼ਮਦੀਦ ਹਨ, ਪਰ ਬਾਵਜੂਦ ਇਸ ਦੇ ਪੁਲਿਸ ਨੇ ਉਨ੍ਹਾਂ ਦੇ ਬਿਆਨ ਦਰਜ ਨਹੀਂ ਕੀਤੇ। ਇਸ ਤੋਂ ਇਲਾਵਾ 3 ‘ਚੋਂ ਸਿਰਫ ਇੱਕ ਗੱਡੀ ਨੂੰ ਹੀ ਕੇਸ ਪ੍ਰਾਪਰਟੀ ਵਜੋਂ ਅਟੈਚ ਕੀਤਾ ਗਿਆ ਹੈ। ਅਜਿਹੇ ‘ਚ ਪੁਲਿਸ ਤੋਂ ਸਹੀ ਜਾਂਚ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਹਾਈਕੋਰਟ ਨੇ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਬਾਅਦ ਨੋਟਿਸ ਜਾਰੀ ਕਰ ਜਵਾਬ ਮੰਗਿਆ ਹੈ।