ਲੁਧਿਆਣਾ: ਫਿਲੌਰ 'ਚ ਵਾਪਰੇ ਜੇਹਲਮ ਐਕਸਪ੍ਰੈੱਸ ਰੇਲ ਹਾਦਸੇ 'ਚ ਰੇਲਵੇ ਵਿਭਾਗ ਦੇ ਅਫਸਰਾਂ 'ਤੇ ਕਾਰਵਾਈ ਦੀ ਗਾਜ ਡਿੱਗੀ ਹੈ। ਰੇਲਵੇ ਵਿਭਾਗ ਨੇ ਹਾਦਸੇ ਨੂੰ ਲੈ ਕੇ ਸਖਤ ਕਰਾਵਾਈ ਕਰਦਿਆਂ ਲਾਪ੍ਰਵਾਈ ਦਾ ਦੋਸ਼ੀ ਮੰਨਦਿਆਂ 3 ਅਧਿਕਾਰੀਆਂ ਜਲੰਧਰ ਦੇ ਸੀਨੀਅਰ ਸੈਕਸ਼ਨ ਅਫਸਰ ਵਿਵੇਕ ਕੁਮਾਰ, ਲੁਧਿਆਣਾ ਦੇ ਸੀਨੀਅਰ ਸੈਕਸ਼ਨ ਅਫਸਰ ਮੁਨੀਸ਼ ਕੁਮਾਰ ਤੇ ਫਿਰੋਜ਼ਪੁਰ ਦੇ ਡੀ. ਈ. ਐੱਨ. ਐੱਸ. ਪੀ. ਬੱਤਰਾ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਘਟਨਾ ਦੀ ਉੱਚ ਪੱਧਰੀ ਜਾਂਚ ਲਈ ਇੱਕ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ। ਇਸ 'ਚ ਮੁੱਖ ਸਕਿਓਰਿਟੀ ਰੇਲਵੇ ਮੁੱਖ ਇੰਜੀਨੀਅਰ ਅਤੇ ਮੁੱਖ ਇੰਜੀਨੀਅਰ ਮਕੈਨੀਕਲ ਸਮੇਤ ਲੁਧਿਆਣਾ ਅਤੇ ਫਿਰੋਜ਼ਪੁਰ ਦੇ ਉੱਚ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਜਿਕਰਯੋਗ ਹੈ ਕਿ 4 ਅਕਤੂਬਰ ਨੂੰ ਜਲੰਧਰ ਤੋਂ ਲੁਧਿਆਣਾ ਦੇ ਵਿਚਕਾਰ ਫਿਲੌਰ ਨੇੜੇ ਸਵੇਰੇ ਕਰੀਬ 3 ਵਜੇ ਜੇਹਲਮ ਐਕਸਪ੍ਰੈੱਸ ਅਚਾਨਕ ਡੀਰੇਲ ਹੋ ਗਈ ਸੀ। ਗੱਡੀ ਦੇ 10 ਡੱਬੇ ਪਟੜੀ ਤੋਂ ਉਤਰ ਗਏ ਸਨ। ਇਸ ਘਟਨਾ ‘ਚ 4 ਯਾਤਰੀ ਜ਼ਖਮੀ ਹੋਏ ਸਨ। ਦਰਅਸਲ ਹਾਦਸੇ ਦਾ ਕਾਰਨ ਸੀ ਕਿ ਰੇਲ ਦੀ ਕਰੀਬ 20 ਫੁੱਟ ਲਾਈਨ ਹੀ ਗਾਇਬ ਸੀ। ਇਸ ਨੂੰ ਲੈ ਕੇ ਅਧਿਕਾਰੀਆਂ ਦੀ ਲਾਪ੍ਰਵਾਈ ਨੂੰ ਹਾਦਸੇ ਲਈ ਜਿੰਮੇਵਾਰ ਮੰਨਿਆ ਜਾ ਰਿਹਾ ਹੈ।