ਮੋਹਾਲੀ: ਅੱਜ ਸਵੇਰੇ ਮੋਹਾਲੀ ਅੰਤਰਾਸ਼ਟਰੀ ਏਅਰਪੋਰਟ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ। ਇਸ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਇਹ ਹਾਦਸਾ ਇੱਕ ਤੇਜ਼ ਰਫਤਾਰ ਕਾਰ ਤੇ ਸਕੂਟਰ ਦੀ ਟੱਕਰ ਕਾਰਨ ਵਾਪਰਿਆ। ਟੱਕਰ ਇੰਨੀ ਭਿਆਨਕ ਸੀ ਕਿ ਸਕੂਟਰ ਦੇ ਪਰਖੱਚੇ ਉੱਡ ਗਏ ਤੇ ਸਕੂਟਰ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਕਾਰ ਦੇ ਏਅਰਬੈਗ ਖੁੱਲਣ ਕਾਰਨ ਕਾਰ ਸਵਾਰਾਂ ਨੂੰ ਕੋਈ ਸੱਟ ਨਹੀਂ ਲੱਗੀ।  ਇਹ ਭਿਆਨਕ ਹਾਦਸਾ ਖਰੜ ਤੋਂ ਏਅਰਪੋਰਟ ਰੋਡ 'ਤੇ ਟੀਡੀਆਈ ਸਿਟੀ ਦੇ ਬਿਲਕੁਲ ਨੇੜੇ ਵਾਪਰਿਆ।

 

 

 

 

ਜਾਣਕਾਰੀ ਮੁਤਾਬਕ ਮ੍ਰਿਤਕ 55 ਸਾਲਾ ਮੇਵਾ ਸਿੰਘ ਮੋਹਾਲੀ ਦੇ ਪਿੰਡ ਬਲਿਆਲੀ ਦਾ ਰਹਿਣ ਵਾਲਾ ਸੀ। ਉਹ ਮਿਸਤਰੀ ਦਾ ਕੰਮ ਕਰਦਾ ਸੀ ਤੇ ਅੱਜ ਸਵੇਰੇ ਆਪਣੇ ਘਰ ਤੋਂ ਦੁਕਾਨ ਲਈ ਨਿੱਕਲਿਆ ਸੀ। ਪਰ ਜਿਵੇਂ ਹੀ ਉਹ ਟੀਡੀਆਈ ਸਿਟੀ ਨੇੜੇ ਏਅਰਪੋਰਟ ਰੋਡ 'ਤੇ ਚੜਿਆ ਤਾਂ ਮੋਹਾਲੀ ਵਾਲੇ ਪਾਸੇ ਤੋਂ ਆ ਰਹੀ ਇੱਕ ਤੇਜ਼ ਰਫਤਾਰ ਹਾਂਡਾ ਸਿਟੀ ਕਾਰ ਨੰਬਰ CH01 BC0189 ਨਾਲ ਸਿੱਧੀ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ  ਮੇਵਾ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਕੂਟਰ ਦੇ ਪਰਖੱਚੇ ਉੱਡ ਚੁੱਕੇ ਸਨ। ਕਾਰ ਕਾਫੀ ਦੂਰ ਤੱਕ ਸਕੂਟਰ ਨੂੰ ਘਸੀਟ ਕੇ ਲੈ ਗਈ। ਹਾਲਾਂਕਿ ਹਾਦਸੇ ਦੌਰਾਨ ਕਾਰ ਸਵਾਰ ਬਾਲ-ਬਾਲ ਬਚ ਗਏ। ਕਾਰ ਦੇ ਏਅਰਬੈਗ ਖੁੱਲਣ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ।

 

 

 

 

ਹਾਦਸੇ ਤੋਂ ਤੁਰੰਤ ਬਾਅਦ ਉੱਥੋਂ ਲੰਘ ਰਹੇ ਨੌਰਥ ਕੰਟਰੀ ਮਾਲ ਚੌਂਕੀ ਦੇ ਮੁਲਾਜ਼ਮਾਂ ਨੇ ਮੌਕੇ ਤੋਂ ਸਬੰਧਤ ਪੁਲਿਸ ਨੂੰ ਜਾਣਕਾਰੀ ਦਿੱਤੀ। ਥੋੜੀ ਦੇਰ ਤੱਕ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਪਰ ਉਦੋਂ ਤੱਕ ਕਾਰ ਚਾਲਕ ਫਰਾਰ ਹੋ ਚੁੱਕੇ ਸਨ। ਮ੍ਰਿਤਕ ਦਾ ਪਰਿਵਾਰ ਵੀ ਹਾਦਸੇ ਦਾ ਪਤਾ ਲੱਗਦਿਆਂ ਮੌਕੇ 'ਤੇ ਪਹੁੰਚਿਆ ਤਾਂ ਰੋਣ ਕੁਰਲਾਉਣ ਸ਼ੁਰੂ ਹੋ ਗਿਆ। ਕੁੱਝ ਸਮਾਂ ਪਹਿਲਾਂ ਘਰੋਂ ਨਿੱਕਲੇ ਮੇਵਾ ਸਿੰਘ ਦੀ ਮੌਤ ਦਾ ਪਰਿਵਾਰ ਨੂੰ ਯਕੀਨ ਨਹੀਂ ਸੀ ਆ ਰਿਹਾ।