ਬਰਨਾਲਾ: ਕਰਜ਼ ਦੇ ਸਤਾਏ ਮਜਦੂਰ ਨੇ ਖੁਦ ਆਪਣੀ ਚਿਤਾ ਜਲਾ ਲਈ। ਇਹ ਦਿਲ ਦਹਿਲਾਉਣ ਵਾਲੀ ਖਬਰ ਬਰਨਾਲਾ ਦੇ ਪਿੰਡ ਨਰਾਇਣਗੜ੍ਹ ਸੋਹੀਆ ਤੋਂ ਹੈ। ਇਥੋਂ ਦੇ ਇੱਕ ਗਰੀਬ ਨੌਜਵਾਨ ਨੇ ਘਰ ਅੰਦਰ ਅੱਗ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਉਹ ਆਪਣੇ ਸਿਰ ਚੜੇ ਕਰਜ ਦੇ ਚੱਲਦੇ ਲਗਾਤਾਰ ਪ੍ਰੇਸ਼ਾਨ ਰਹਿੰਦਾ ਸੀ।       ਜਾਣਕਾਰੀ ਮੁਤਾਬਕ ਪਿੰਡ ਨਰਾਇਣਗੜ੍ਹ ਸੋਹੀਆ 'ਚ 34 ਸਾਲਾ ਦਲਿਤ ਨੌਜਵਾਨ ਲਖਵੀਰ ਦੇ ਸਿਰ ਕਾਫੀ ਕਰਜ਼ ਚੜ੍ਹਿਆ ਹੋਇਆ ਸੀ। ਪਰ ਇਹ ਕਰਜ਼ ਉਤਾਰਨਾ ਮੁਸ਼ਕਲ ਹੋ ਰਿਹਾ ਸੀ। ਅਜਿਹੇ ਹਲਾਤਾਂ 'ਚ ਘਰ ਦਾ ਗੁਜਾਰਾ ਕਰਨਾ ਔਖਾ ਹੋ ਗਿਆ। ਇਸ ਦੇ ਚੱਲਦੇ ਲਖਵੀਰ ਕਾਫੀ ਪ੍ਰੇਸ਼ਾਨ ਰਹਿੰਦਾ ਸੀ।     ਪਰਿਵਾਰ ਮੁਤਾਬਕ ਅੱਜ ਜਦ ਸਾਰਾ ਪਰਿਵਾਰ ਪਿੰਡ ’ਚ ਇੱਕ ਧਾਰਮਿਕ ਸਮਾਗਮ ਵਿੱਚ ਗਿਆ ਸੀ। ਪਿੱਛੋਂ ਲਖਵੀਰ ਸਿੰਘ ਨੇ ਚੁਬਾਰੇ ਦਾ ਦਰਵਾਜ਼ਾ ਬੰਦ ਕਰਕੇ ਆਪਣੇ ਉੱਪਰ ਤੇਲ ਛਿੜਕ ਕੇ ਅੱਗ ਲਗਾ ਲਈ। ਉਨ੍ਹਾਂ ਨੂੰ ਇਸ ਘਟਨਾ ਬਾਰੇ ਗੁਆਂਢੀ ਨੇ ਦੱਸਿਆ ਕਿ ਉਨ੍ਹਾਂ ਦੇ ਚੁਬਾਰੇ ਅੰਦਰੋਂ ਚੀਕਾਂ ਦੀ ਆਵਾਜ਼ ਆ ਰਹੀ ਹੈ ਅਤੇ ਧੂੰਆਂ ਨਿਕਲ ਰਿਹਾ ਹੈ। ਜਦੋਂ ਉਨ੍ਹਾਂ ਚੁਬਾਰੇ ਦਾ ਦਰਵਾਜ਼ਾ ਤੋੜਿਆ ਤਾਂ ਲਖਵੀਰ ਸਿੰਘ ਬੁਰੀ ਤਰ੍ਹਾਂ ਸੜ ਚੁੱਕਾ ਸੀ। ਲਖਵੀਰ ਦੇ ਪਰਿਵਾਰ ਵਿੱਚ ਪਤਨੀ, ਬਿਰਧ ਮਾਂ ਅਤੇ ਦੋ ਲੜਕੇ ਹਨ।