ਸੰਗਰੂਰ: ਦਲਿਤ ਭਾਈਚਾਰੇ ਦੇ ਲੋਕਾਂ ਨੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਪ੍ਰਦਰਸ਼ਨ ਕੀਤਾ। ਇਹਨਾਂ ਦੀ ਮੰਗ ਹੈ ਕਿ ਪਿੰਡਾਂ 'ਚ ਦਲਿਤ ਪਰਿਵਾਰਾਂ ਲਈ ਰਾਖਵੀਂ ਰੱਖੀ ਜਮੀਨ 'ਤੇ ਜਮੀਦਾਰਾਂ ਦੇ ਕਬਜੇ ਰੁਕਵਾਏ ਜਾਣ। ਇਹ ਪੰਚਾਇਤੀ ਜਮੀਨ 'ਚੋਂ ਤੀਜਾ ਹਿੱਸਾ ਦਵਾਉਣ ਦੀ ਮੰਗ ਕਰ ਰਹੇ ਹਨ।


 

 

ਪੰਜਾਬ ਦੇ ਵੱਖ ਵੱਖ ਪਿੰਡਾਂ 'ਚ ਦਲਿਤ ਸਮਾਜ ਲਈ ਰੱਖੀ ਖੇਤੀ ਯੋਗ ਜਮੀਨ 'ਤੇ ਵੱਡੇ ਕਿਸਾਨਾਂ ਦੇ ਕਬਜਿਆਂ ਨੂੰ ਲੈ ਕੇ ਲਗਾਤਾਰ ਵਿਵਾਦ ਵਧਦਾ ਜਾ ਰਿਹਾ ਹੈ। ਇਸ ਮਾਮਲੇ ਲਈ ਬਣਾਈ ਗਈ ਸੰਘਰਸ਼ ਕਮੇਟੀ, ਕੀਰਤੀ ਕਿਸਾਨ ਯੂਨੀਅਨ ਤੇ ਪੇਂਡੂ ਮਜਦੂਰ ਯੂਨੀਅਨ ਨੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ। ਹੱਥਾਂ 'ਚ ਲਾਲ ਝੰਡੇ ਫੜੀ ਹਜਾਰਾਂ ਦੀ ਗਿਣਤੀ 'ਚ ਪ੍ਰਦਰਸ਼ਨਕਾਰੀਆਂ ਨੇ ਜੰਮ ਕੇ ਨਾਅਰੇਬਾਜੀ ਕੀਤੀ।

 

ਪ੍ਰਦਰਸ਼ਨਕਾਰੀਆਂ ਮੁਤਾਬਕ ਗਰੀਬ ਤੇ ਦੱਬੇ ਹੋਏ ਲੋਕਾਂ ਦੀ ਮਦਦ ਕਰਨ ਦੀ ਥਾਂ ਉਨ੍ਹਾਂ ਦੇ ਹੱਕ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਦਲਿਤ ਭਾਈਚਾਰੇ ਨੂੰ ਉਨ੍ਹਾਂ ਦੇ ਬਣਦੇ ਹੱਕ ਮੁਤਾਬਕ ਜਮੀਨ ਨਾ ਦਿੱਤੀ ਗਈ ਤਾਂ ਉਹ ਸੰਘਰਸ਼ ਤੇਜ ਕਰਨਗੇ। ਇਸ ਦੇ ਨਾਲ ਹੀ ਪ੍ਰਦਰਸ਼ਨ ਦੌਰਾਨ ਗ੍ਰਿਫਤਾਰ ਕੀਤੇ ਲੋਕਾਂ ਨੂੰ ਵੀ ਰਿਹਾਅ ਕਰਨ ਦੀ ਮੰਗ ਕੀਤੀ ਜਾ ਰਹੀ ਹੈ।