ਜਲੰਧਰ: ਪੁਲਿਸ ਨੇ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਹਨਾਂ ਕੋਲੋਂ ਕਈ ਵਹੀਕਲ ਤੇ ਨਸ਼ੀਲਾ ਪਦਾਰਥ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਮੁਤਾਬਕ ਇਹ ਗਿਰੋਹ ਪੇਂਡੂ ਖੇਤਰਾਂ 'ਚ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਫਿਲਹਾਲ ਪੁਲਿਸ ਦੀ ਪੁੱਛਗਿੱਛ ਜਾਰੀ ਹੈ ਤੇ ਹੋਰ ਵੀ ਕਈ ਖੁਲਾਸੇ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਪੁਲਿਸ ਮੁਤਾਬਕ ਜਗਰਾਲ ਤੋਂ ਬਜੂਹਾ ਖੁਰਦ ਰੋਡ ’ਤੇ ਵੇਈਂ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਇਕ ਮੋਟਰਸਾਈਕਲ ਸਵਾਰ ਤਿੰਨ ਸ਼ੱਕੀ ਨੌਜਵਾਨਾਂ ਨੂੰ ਰੋਕਿਆ ਗਿਆ। ਜਦ ਇਹਨਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 170 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ। ਇਸ 'ਤੇ ਪੁਲਿਸ ਨੇ ਇਹਨਾਂ ਤਿੰਨਾਂ ਨੌਜਵਾਨਾਂ ਸਾਰਜ ਸਿੰਘ ਉਰਫ ਜੱਗਾ, ਮਨਦੀਪ ਸਿੰਘ ਉਰਫ ਭੀਲੋ, ਕੁਲਦੀਪ ਕੁਮਾਰ ਉਰਫ ਸਰਪੰਚ ਤੇ ਪਰਮਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ।
ਇਸ ਤੋਂ ਬਾਅਦ ਜਦ ਪੁੱਛਗਿੱਛ ਹੋਈ ਤਾਂ ਇਹਨਾਂ ਹੋਰ ਵੀ ਵਾਰਦਾਤਾਂ ਕਰਨ ਦੀ ਗੱਲ ਮੰਨੀ। ਉਨ੍ਹਾਂ ਇੱਕ ਕਾਰ ਖੋਹਣ ਦਾ ਵੀ ਖੁਲਾਸਾ ਕੀਤਾ। ਇਹ ਕਾਰ ਇਹਨਾਂ ਦੇ ਸਾਥੀ ਪਰਮਜੀਤ ਸਿੰਘ ਉਰਫ ਸੋਨੂੰ ਦੇ ਘਰ ਖੜੀ ਕੀਤੀ ਗਈ ਸੀ। ਜਿੱਥੋਂ ਪੁਲਿਸ ਨੇ ਬਰਾਮਦ ਕਰ ਲਈ ਤੇ ਪਰਮਜੀਤ ਨੂੰ ਵੀ ਗ੍ਰਿਫਤਾਰ ਕਰ ਲਿਆ। ਇਸੇ ਦੌਰਾਨ ਹੋਰ ਪੁੱਛਗਿੱਛ ਕੀਤੀ ਗਈ ਤਾਂ ਮੁਲਜ਼ਮਾਂ ਤੋਂ ਚੋਰੀ ਦੀ ਇੱਕ ਹੋਰ ਕਾਰ ਬਰਾਮਦ ਕੀਤੀ ਗਈ। ਇਹਨਾਂ ਮੁਲਜ਼ਮਾਂ ਨੇ ਇੱਕ ਪੈਟਰੋਲ ਪੰਪ ਤੋਂ 66000 ਰੁਪਏ ਲੁੱਟਣ ਦੀ ਵਾਰਦਾਤ ਨੂੰ ਵੀ ਅੰਜਾਮ ਦਿੱਤਾ ਸੀ।