ਚੰਡੀਗੜ੍ਹ: ਕ੍ਰਿਕੇਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਚਰਚਾ ਦਾ ਬਾਜ਼ਾਰ ਗਰਮ ਹੈ। ਤਾਜ਼ਾ ਚਰਚਾ ਚੱਲੀ ਹੈ ਕਿ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਉਸ ਦੇ ਸਟਾਰ ਪ੍ਰਚਾਰਕ ਬਣਨਗੇ। ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਚੋਣ ਲੜੇਗੀ ਤੇ ਉਹ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਵੀ ਹੋ ਸਕਦੀ ਹੈ।     ਦਰਅਸਲ ਬੀਜੇਪੀ ਨਾਲੋਂ ਤੋੜ-ਵਿਛੋੜਾ ਕਰਨ ਮਗਰੋਂ ਉਨ੍ਹਾਂ ਦੀ ਭਵਿੱਖੀ ਰਣਨੀਤੀ ਕੀ ਹੋਏਗੀ, ਸਭ ਦੀਆਂ ਨਜ਼ਰਾਂ ਇਸ ਗੱਲ 'ਤੇ ਲੱਗੀਆਂ ਹੋਈਆਂ ਹਨ। ਹੁਣ ਤੱਕ ਇਹ ਤਾਂ ਸਪਸ਼ਟ ਹੋ ਗਿਆ ਹੈ ਕਿ ਸਿੱਧੂ ਜੋੜੀ 'ਆਪ' ਵਿੱਚ ਜਾਏਗੀ ਪਰ ਉਨ੍ਹਾਂ ਦਾ ਰੋਲ ਕੀ ਹੋਏਗਾ, ਇਸ ਬਾਰੇ ਚਰਚਾ ਦਾ ਬਾਜ਼ਾਰ ਗਰਮ ਹੈ।   ਸੂਤਰਾਂ ਮੁਤਾਬਕ ਨਵਜੋਤ ਕੌਰ ਸਿੱਧੂ ਅਗਲੇ ਮਹੀਨੇ ਬੀਜੇਪੀ ਨੂੰ ਅਲਵਿਦਾ ਕਹਿਣਗੇ। ਉਹ ਅਜਿਹਾ ਆਪਣੇ ਹਲਕੇ ਵਿੱਚ ਜ਼ਿਮਨੀ ਚੋਣ ਤੋਂ ਬਚਣ ਲਈ ਕਰ ਰਹੇ ਹਨ। ਉਂਝ, ਨਵਜੋਤ ਕੌਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਜਿੱਥੇ ਉਨ੍ਹਾਂ ਦੇ ਪਤੀ ਜਾਣਗੇ, ਉੱਥੇ ਹੀ ਉਹ ਵੀ ਜਾਣਗੇ। ਭਾਵ ਉਹ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ।