ਅੰਮ੍ਰਿਤਸਰ: 19 ਮਾਰਚ 2018 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫ਼ਿਲਮ 'ਨਾਨਕ ਸ਼ਾਹ ਫਕੀਰ' ਦੀ ਗੁਰੂਘਰਾਂ ਵਿੱਚ ਪ੍ਰਚਾਰ ਕਰਨ ਲਈ ਆਗਿਆ ਦਿੱਤੀ ਸੀ ਤੇ ਬੀਤੇ ਕੱਲ੍ਹ ਕਮੇਟੀ ਨੂੰ ਇਸ ਫ਼ਿਲਮ ਵਿੱਚ ਗੜਬੜ ਨਜ਼ਰ ਆਉਣ ਲੱਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਬਿਆਨ ਜਾਰੀ ਕਰ ਕਿਹਾ ਹੈ ਕਿ ਫ਼ਿਲਮ ਨਾਨਕ ਸ਼ਾਹ ਫਕੀਰ ਨੂੰ ਓਨਾ ਚਿਰ ਰਿਲੀਜ਼ ਨਹੀਂ ਕੀਤਾ ਜਾ ਸਕੇਗਾ ਜਿਨ੍ਹਾਂ ਚਿਰ ਇਸ ਫ਼ਿਲਮ ਸਬੰਧੀ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਸਾਰੇ ਇਤਰਾਜ਼ ਦੂਰ ਨਹੀਂ ਹੋ ਜਾਂਦੇ।
ਉਨ੍ਹਾਂ ਕਿਹਾ ਕਿ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਗਤਾ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਫ਼ਿਲਮ ਦੀ ਪ੍ਰਵਾਨਗੀ ਸਬੰਧੀ ਪਹਿਲਾਂ ਜਾਰੀ ਕੀਤੀਆਂ ਪੱਤਰਕਾਵਾਂ ਦੇ ਅਮਲ 'ਤੇ ਰੋਕ ਲਗਾ ਦਿੱਤੀ ਹੈ।
ਉਨ੍ਹਾਂ ਕਿਹਾ ਕਿ 2016 ਵਿੱਚ ਉਸ ਵੇਲੇ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਪ੍ਰਵਾਨਗੀ ਪੱਤਰ ਜਾਰੀ ਕੀਤਾ ਸੀ ਪਰ ਹੁਣ ਫ਼ਿਲਮ ਦੇ ਵੱਖ-ਵੱਖ ਚੈਨਲਾਂ ਤੇ ਪ੍ਰੋਮੋ ਪ੍ਰਸਾਰਿਤ ਹੋਣ ਤੋਂ ਬਾਅਦ ਸੰਗਤਾਂ ਵੱਲੋਂ ਵੱਡੇ ਪੱਧਰ 'ਤੇ ਇਤਰਾਜ਼ ਕੀਤੇ ਗਏ ਹਨ। ਬਹੁਤ ਸਾਰੀ ਸੰਗਤ ਵੱਲੋਂ ਸੋਸ਼ਲ ਮੀਡੀਆ ਦੇ ਨਾਲ ਨਾਲ ਸ਼੍ਰੋਮਣੀ ਕਮੇਟੀ ਨੂੰ ਈ-ਮੇਲ ਭੇਜ ਕੇ ਇਸ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ। ਹਾਲਾਂਕਿ ਫ਼ਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੇ ਕਿਹਾ ਹੈ ਕਿ ਫ਼ਿਲਮ ਤੈਅ ਕੀਤੇ ਦਿਨ ਯਾਨੀ 13 ਅਪ੍ਰੈਲ ਨੂੰ ਹੀ ਜਾਰੀ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਫ਼ਿਲਮ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਹੀ ਬਣਾਈ ਗਈ ਹੈ। ਫ਼ਿਲਮ ਦਾ ਟ੍ਰੇਲਰ ਹੇਠ ਦਿੱਤੇ ਲਿੰਕ ਰਾਹੀਂ ਯੂ-ਟਿਊਬ 'ਤੇ ਵੇਖਿਆ ਜਾ ਸਕਦਾ ਹੈ। [embed]