ਪਠਾਨਕੋਟ 'ਚ ਸ਼ੱਕੀਆਂ ਦੀ ਭਾਲ ਜਾਰੀ, ਫੌਜੀ ਵਰਦੀ ਤੇ ਹੋਰ ਸਮਾਨ ਬਰਾਮਦ
ਏਬੀਪੀ ਸਾਂਝਾ | 28 Sep 2016 10:06 AM (IST)
ਪਠਾਨਕੋਟ: ਪਾਕਿਸਤਾਨ ਸਰਹੱਦ ਨੇੜੇ ਚੱਕੀ ਦਰਿਆ ਕੰਢੇ ਚਾਰ ਸ਼ੱਕੀ ਹਥਿਆਰਬੰਦ ਵਿਅਕਤੀਆਂ ਦੇ ਦੇਖੇ ਜਾਣ ’ਤੋਂ ਬਾਅਦ ਸਰਚ ਅਪ੍ਰੇਸ਼ਨ ਲਗਾਤਾਰ ਜਾਰੀ ਹੈ। ਵੱਡੀ ਗਿਣਤੀ 'ਚ ਪੁਲਿਸ ਬਲ ਤੇ ਸਵੈਟ ਟੀਮ ਵੱਲੋਂ ਸਾਰੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਪੁਲਿਸ ਨੂੰ ਦਰਿਆ ਨੇੜਿਓਂ ਫੌਜ ਦੀ ਵਰਦੀ ਤੇ ਬੈਲਟ ਬਰਾਮਦ ਹੋਈ ਹੈ। ਇਸ ਬਾਰੇ ਫੌਜ ਤੇ ਹਵਾਈ ਸੈਨਾ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ। ਪੂਰੇ ਇਲਾਕੇ 'ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਕੱਲ੍ਹ ਸ਼ਾਮ ਕਰੀਬ 4 ਵਜੇ ਦਰਿਆ ਕੰਢੇ ਰਹਿੰਦੇ ਲੋਕਾਂ ਨੇ ਫੌੌਜੀ ਵਰਦੀ 'ਚ ਚਾਰ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਸੀ। ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਕੁੱਝ ਸਮੇਂ 'ਚ ਹੀ ਐਸਐਸਪੀ ਪਠਾਨਕੋਟ ਰਾਕੇਸ਼ ਕੌਸ਼ਲ ਭਾਰੀ ਗਿਣਤੀ ਪੁਲਿਸ ਫੋਰਸ ਮੌਕੇ 'ਤੇ ਪੁੱਜੀ। ਤੁਰੰਤ ਇਲਾਕੇ 'ਚ ਤਲਾਸ਼ੀ ਸ਼ੁਰੂ ਕੀਤੀ। ਐਸਐਸਪੀ ਕੌਸ਼ਲ ਮੁਤਾਬਕ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਕਿਸੇ ਕਿਸਮ ਦਾ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ। ਜਿਕਰਯੋਗ ਹੈ ਕਿ ਜਨਵਰੀ 'ਚ ਅਤਿਵਾਦੀਆਂ ਨੇ ਪਠਾਨਕੋਟ ਏਅਰ ਬੇਸ ’ਤੇ ਹਮਲਾ ਕੀਤਾ ਸੀ ਜਿਸ ਵਿੱਚ ਐਨਐਸਜੀ ਦੇ ਇੱਕ ਲੈਫਟੀਨੈਂਟ ਕਰਨਲ ਨਿਰੰਜਨ ਕੁਮਾਰ ਸਮੇਤ ਸੱਤ ਜਵਾਨ ਸ਼ਹੀਦ ਹੋ ਗਏ ਸਨ। ਇਸ ਅਪ੍ਰੇਸ਼ਨ 'ਚ ਚਾਰ ਅੱਤਿਵਾਦੀ ਵੀ ਮਾਰੇ ਗਏ ਸਨ।