ਚੰਡੀਗੜ੍ਹ : ਦੋ ਦਿਨ ਤੱਕ ਚੱਲੇ ਹੰਗਾਮੇ, ਨਾਅਰੇਬਾਜ਼ੀ ਤੋਂ ਬਾਅਦ ਉੱਤਰ ਭਾਰਤ ਦੇ ਸਭ ਤੋਂ ਵੱਡੇ ਹਸਪਤਾਲ ਵਿੱਚੋਂ ਇੱਕ ਪੀਜੀਆਈ ਚੰਡੀਗੜ੍ਹ ਚ ਡਾਕਟਰਾਂ ਨੇ ਹੜਤਾਲ ਖਤਮ ਕਰ ਦਿੱਤੀ ਹੈ। ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਸਰਨ ਰੈਡੀ ਮੁਤਾਬਕ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਜ਼ਿਆਦਾਤਰ ਮੰਗਾਂ ਮੰਨ ਲਈਆਂ ਹਨ। ਹਾਲਾਂਕਿ ਮੰਗਾਂ ਪੂਰੀਆਂ ਕਰਨ ਲਈ ਪ੍ਰਸ਼ਾਸਨ ਨੇ ਸਮਾਂ ਮੰਗਿਆ ਹੈ। ਪਰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਤੈਅ ਸਮੇਂ ਤੱਕ ਜੇਕਰ ਉਨ੍ਹਾਂ ਨੂੰ ਨਤੀਜੇ ਨਾ ਮਿਲੇ ਤਾਂ ਮੁੜ ਹੜਤਾਲ ਸ਼ੁਰੂ ਕੀਤੀ ਜਾ ਸਕਦੀ ਹੈ।

 

 


ਡਾਕਟਰਾਂ ਦੀਆਂ ਕਈ ਮੰਗਾਂ ਸਨ ਜਿਵੇਂ ਕਿ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਏ ਜਾਵੇ। ਮਰੀਜ਼ਾਂ ਦੀ ਸੈਂਪਲ ਅਤੇ ਰਿਪੋਰਟਸ ਇਕੱਠੀਆਂ ਕਰਨ ਦੇ ਕੰਮ ਲਈ ਹੋਰ ਸਟਾਫ ਭਰਤੀ ਕੀਤਾ ਜਾਵੇ। ਡਾਕਟਰਾਂ ਦੀ ਗਿਣਤੀ ਅਤੇ ਮਰੀਜ਼ਾਂ ਦੀ ਗਿਣਤੀ ਬਾਰੇ ਵੀ ਡਾਕਟਰਾਂ ਦੀ ਮੰਗਾਂ ਸਨ। ਪ੍ਰਸ਼ਾਸਨ ਲਗਾਤਾਰ 2 ਦਿਨ ਤੋਂ ਇਹਨਾਂ ਹੜਤਾਲੀ ਡਾਕਟਰਾਂ ਨਾਲ ਗੱਲਬਾਤ ਕਰ ਰਿਹਾ ਸੀ। ਪਰ ਇਹ ਆਪਣੇ ਸੰਘਰਸ਼ ਤੇ ਅੜੇ ਹੋਏ ਸਨ। ਇਸ ਦੇ ਚੱਲਦਿਆਂ ਪੀਜੀਆਈ ਚ ਇਲਾਜ਼ ਲਈ ਆ ਰਹੇ ਹਜ਼ਾਰਾਂ ਮਰੀਜਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

 

 

 

ਦਰਅਸਲ ਐਤਵਰ-ਸੋਮਵਾਰ ਦੀ ਰਾਤ ਨੂੰ ਮਰੀਜ਼ ਦੀ ਮੌਤ ਤੋਂ ਬਾਅਦ ਮ੍ਰਿਤਕ ਦੇ ਪੁੱਤਰ ਵੱਲੋਂ ਡਾਕਟਰ ਨਾਲ ਕੀਤੀ ਕੁੱਟਮਾਰ ਤੋਂ ਬਾਅਦ ਡਾਕਟਰਾਂ ਦੀ ਹੜਤਾਲ ਸ਼ੁਰੂ ਹੋਈ ਸੀ। ਡਾਕਟਰਾਂ ਦਾ ਪੱਖ ਸੀ ਕਿ ਪ੍ਰਸ਼ਾਸਨ ਵੱਲੋਂ ਮਰੀਜ਼ਾਂ ਦੀ ਗਿਣਤੀ ਮੁਤਾਬਕ ਸਹੂਲਤਾਂ ਨਾ ਹੋਣ ਕਾਰਨ ਮਰੀਜ਼ਾਂ ਦੀ ਦੇਖਭਾਲ ਤੇ ਪ੍ਰਭਾਵ ਪੈਂਦਾ ਹੈ। ਬੇਸ਼ੱਕ ਤੀਜੇ ਦਿਨ ਹੜਤਾਲ ਖਤਮ ਹੋ ਚੁੱਕੀ ਹੈ, ਪਰ ਦੋ ਦਿਨਾਂ ਤੱਕ ਮਰੀਜ਼ਾਂ ਦੀ ਬੇਵਸੀ ਅਤੇ ਉਨ੍ਹਾਂ ਵੱਲੋਂ ਸਹੇ ਦਰਦ ਦਾ ਜਵਾਬ ਕੌਣ ਦੇਵੇਗਾ ?