ਅੰਮ੍ਰਿਤਸਰ: ਭਾਰਤ-ਪਾਕਿ ਸਰਹੱਦ ਨੇੜਿਓਂ 125 ਕਰੋੜ ਦਾ ਨਸ਼ਾ ਬਰਾਮਦ ਕੀਤਾ ਗਿਆ ਹੈ। ਬੀ.ਐਸ.ਐਫ. ਨੇ ਕਾਰਵਾਈ ਦੌਰਾਨ ਭਾਰਤ-ਪਾਕਿ ਸਰਹੱਦ ਦੀ ਸ਼ੇਰਪੁਰ ਚੌਕੀ ਦੇ ਇਲਾਕੇ 'ਚੋਂ 25 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ ਅਸਲਾ ਤੇ ਪਾਕਿ ਮੋਬਾਈਲ ਸਿੰਮ ਵੀ ਬਰਾਮਦ ਕੀਤੇ ਹਨ।


 

 

 

ਬੀ.ਐਸ.ਐਫ. ਦੇ ਡੀ.ਆਈ.ਜੀ. ਆਰ.ਐਸ. ਕਟਾਰੀਆ ਮੁਤਾਬਕ ਗੁਰਦਾਸਪੁਰ ਸੈਕਟਰ ਅਧੀਨ ਪੈਂਦੀ ਸ਼ੈਕਪੁਰ ਚੌਕੀ ਇਲਾਕੇ 'ਚ ਦੇਰ ਰਾਤ ਗਸ਼ਤ ਦੌਰਾਨ ਜਵਾਨਾਂ ਨੂੰ ਸਰਹੱਦ 'ਤੇ ਕੁਝ ਹਲਚਲ ਨਜ਼ਰ ਆਈ। ਤੁਰੰਤ ਉਸ ਪਾਸੇ ਕਾਰਵਾਈ ਕੀਤੀ ਗਈ। ਇਲਾਕੇ ਦੀ ਜਾਂਚ ਦੌਰਾਨ ਉੱਥੇ ਕੋਈ ਵਿਅਕਤੀ ਤਾਂ ਨਜ਼ਰ ਨਹੀਂ ਆਇਆ ਪਰ ਮੌਕੇ 'ਤੇ ਇੱਕ ਪਲਾਸਟਿਕ ਪਾਈਪ ਬਰਾਮਦ ਕੀਤੀ ਗਈ।

 

 

ਇਸ ਪਾਈਪ 'ਚ 25 ਪੈਕੇਟ ਹੈਰੋਇਨ ਦੇ ਭਰੇ ਹੋਏ ਸਨ। ਇਸ ਦੇ ਨਾਲ ਹੀ ਮੌਕੇ ਤੋਂ ਇੱਕ ਪਿਸਟਲ, 1 ਮੈਗਜੀਨ, 6 ਕਾਰਤੂਸ, 1 ਮੋਬਾਈਲ ਤੇ ਦੋ ਪਾਕਿਸਤਾਨੀ ਸਿੰਮ ਵੀ ਬਰਾਮਦ ਕੀਤੇ ਗਏ ਹਨ। ਦਰਅਸਲ ਪਾਕਿ ਤਸਕਰ ਆਪਣੇ ਭਾਰਤ ਬੈਠੇ ਤਸਕਰਾਂ ਨਾਲ ਸੰਪਰਕ ਕਰ ਸਰਹੱਦ ਤੋਂ ਭਾਰਤੀ ਖੇਤਰ 'ਚ ਨਸ਼ੇ ਜਾਂ ਅਸਲੇ ਦੀ ਖੇਪ ਪਹੁੰਚਾਉਂਦੇ ਹਨ ਪਰ ਇਸ ਲਈ ਪਲਾਸਟਿਕ ਪਾਈਪ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਕਿਉਂਕਿ ਸਰਹੱਦ 'ਤੇ ਲੱਗੀ ਕੰਡਿਆਲੀ ਵਾੜ 'ਚ ਰਾਤ ਵੇਲੇ ਕਰੰਟ ਛੱਡਿਆ ਜਾਂਦਾ ਹੈ। ਅਜਿਹੇ 'ਚ ਇਸ ਕਰੰਟ ਦਾ ਤੋੜ ਇਨ੍ਹਾਂ ਤਸਕਰਾਂ ਨੇ ਪਲਾਸਟਿਕ ਪਾਈਪ ਨਾਲ ਲੱਭਿਆ ਹੈ।