ਚੰਡੀਗੜ੍ਹ: ਪ੍ਰੈਸ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ.ਕੇ. ਮਲੇਰੀ, ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਬੂਟਾ ਸਿੰਘ ਨੇ ਅੰਮ੍ਰਿਤਸਰ ਵਿਚ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮੰਗ-ਪੱਤਰ ਦੇਣ ਜਾ ਰਹੇ ਪੱਤਰਕਾਰਾਂ ਉੱਪਰ ਸਥਾਨਕ ਪੁਲਿਸ ਵਲੋਂ ਵਹਿਸ਼ੀਆਨਾ ਲਾਠੀਚਾਰਜ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਕਿਸੇ ਭੜਕਾਹਟ ਦੇ ਇਹ ਲਾਠੀਚਾਰਜ ਪੱਤਰਕਾਰਾਂ ਨੂੰ ਦਹਿਸ਼ਤਜ਼ਦਾ ਕਰਨ ਅਤੇ ਉਨ੍ਹਾਂ ਦੀ ਆਵਾਜ਼ ਬੰਦ ਕਰਨ ਦੀ ਸੋਚੀ-ਸਮਝੀ ਸਕੀਮ ਸੀ ਜਿਸ ਤਹਿਤ ਪੱਤਰਕਾਰਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਦਬਾਉਣ ਲਈ ਡੀ.ਐੱਸ.ਪੀ. ਵਲੋਂ ਖ਼ੁਦ ਪੱਤਰਕਾਰਾਂ ਦੇ ਸਿਰਾਂ ਵਿਚ ਲਾਠੀਆਂ ਮਾਰੀਆਂ ਗਈਆਂ। ਇਹ ਸੱਤਾਧਾਰੀ ਧਿਰ ਦੇ ਸਿਆਸੀ ਇਸ਼ਾਰੇ 'ਤੇ ਸਮੁੱਚੇ ਨਾਗਰਿਕਾਂ ਦੇ ਸ਼ਾਂਤਮਈ ਵਿਰੋਧ ਕਰਨ ਦੇ ਸੰਵਿਧਾਨਕ ਹੱਕ ਨੂੰ ਸੱਤਾ ਦੀ ਲਾਠੀ ਦੇ ਜ਼ੋਰ ਕੁਚਲਣ ਦਾ ਯਤਨ ਹੈ, ਪੰਜਾਬ ਦੀਆਂ ਸਮੂਹ ਜਮਹੂਰੀ ਅਤੇ ਇਨਸਾਫ਼ਪਸੰਦ ਤਾਕਤਾਂ ਨੂੰ ਹਕੂਮਤ ਦੇ ਇਸ ਤਾਨਾਸ਼ਾਹ ਰੁਝਾਨ ਦਾ ਪੁਰਜ਼ੋਰ ਵਿਰੋਧ ਕਰਨਾ ਚਾਹੀਦਾ ਹੈ।
ਸਭਾ ਦੇ ਆਗੂਆਂ ਨੇ ਮੰਗ ਕੀਤੀ ਕਿ ਲਾਠੀਚਾਰਜ ਕਰਨ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਵਿਰੁੱਧ ਪਰਚਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸਬੰਧਤ ਮੰਤਰੀ ਦੀ ਉਸ ਦੇ ਜ਼ਿਲ੍ਹੇ ਵਿਚ ਸੰਵਿਧਾਨਕ ਹੱਕਾਂ ਦੇ ਇਸ ਘੋਰ ਘਾਣ ਲਈ ਜਵਾਬ ਤਲਬੀ ਕੀਤੀ ਜਾਵੇ।