ਅੰਮ੍ਰਿਤਸਰ : ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਉਨ੍ਹਾਂ ਦੇ ਘਰ ਮੰਗ ਪੱਤਰ ਦੇਣ ਆਏ ਪੱਤਰਕਾਰਾਂ ਉੱਤੇ ਪੁਲਿਸ ਨੇ ਲਾਠੀਚਾਰਰਜ ਕੀਤਾ। ਜਿਸ ਨਾਲ ਮੱਖੂ ਤੋਂ ਆਏ ਪੱਤਰਕਾਰ ਜੋਗਿੰਦਰ ਸਿੰਘ ਖਹਿਰਾ ਜ਼ਖ਼ਮੀ ਹੋ ਗਏ । ਮਗਰੋਂ ਪੱਤਰਕਾਰਾਂ ਕੋਲੋਂ ਮਜੀਠੀਆ ਦੇ ਮੀਡੀਆ ਇੰਚਾਰਜ ਸਰਚਾਂਦ ਸਿੰਘ ਨੇ ਮੰਗ ਪੱਤਰ ਲਿਆ । ਜਥੇਬੰਦੀ ਨੇ ਮੰਗ ਕੀਤੀ ਹੈ ਕਿ ਮੀਡੀਆ ਕਰਮੀਆਂ ‘ਤੇ ਲਾਠੀਚਾਰਜ ਕਰਨ ਵਾਲੇ ਪੁਲੀਸ ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇ। ਅਜਿਹਾ ਨਾ ਹੋਣ ’ਤੇ 10 ਸਤੰਬਰ ਨੂੰ ਪੁਲੀਸ ਕਮਿਸ਼ਨਰ ਦਾ ਘਿਰਾਓ ਕੀਤਾ ਜਾਵੇਗਾ।


 

ਦਰਅਸਲ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਸੱਦੇ ’ਤੇ ਪੱਤਰਕਾਰਾਂ ਨੇ ਆਪਣੀਆਂ ਮੰਗਾਂ ਲਈ ਜਥੇਬੰਦੀ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਦੀ ਅਗਵਾਈ ਹੇਠ ਪੱਤਰਕਾਰ ਕਾਲੀਆਂ ਦਸਤਾਰਾਂ ਅਤੇ ਪੱਟੀਆਂ ਬੰਨ ਕੇ ਰੋਸ ਮੁਜ਼ਾਹਰਾ ਕਰਦੇ ਹੋਏ ਲੋਕ ਸੰਪਰਕ ਮੰਤਰੀ  ਬਿਕਰਮ ਸਿੰਘ ਮਜੀਠੀਆ ਘਰ ਦੇ ਨੇੜੇ ਹੀ ਪੁਲੀਸ ਨੇ ਪੱਤਰਕਾਰਾਂ ’ਤੇ ਲਾਠੀਚਾਰਜ ਕਰ ਦਿੱਤਾ। ਜਿਸ ਵਿੱਚ ਮੱਖੂ ਤੋਂ ਆਏ ਪੱਤਰਕਾਰ ਜੋਗਿੰਦਰ ਸਿੰਘ ਖਹਿਰਾ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ। ਲਾਠੀਚਾਰਜ ਦੌਰਾਨ ਉਨ੍ਹਾਂ ਸਮੇਤ ਦਿਲਜੀਤ ਸਿੰਘ, ਸੰਨੀ ਸਹੋਤਾ, ਰਾਜੇਸ਼ ਸ਼ਰਮਾ, ਜਗਦੀਸ਼ ਸਿੰਘ ਬਮਰਾਹ, ਜਤਿੰਦਰਪਾਲ ਸਿੰਘ ਮਹਿਤਾ ਤੇ ਬਲਵਿੰਦਰ ਭੱਲਾ ਦੇ ਵੀ ਲਾਠੀਆਂ ਵੱਜੀਆਂ । ਇੰਨ੍ਹਾਂ ਹੀ ਨਹੀਂ ਸੰਨੀ ਸਹੋਤਾ ਨਾਂ ਦੇ ਪੱਤਰਕਾਰ ਨੂੰ ਪੁਲੀਸ ਨੇ ਘਸੀਟ ਕੇ ਆਪਣੇ ਵਾਹਨ ਵਿਚ ਲੈ ਗਈ। ਏਡੀਸੀਪੀ ਗੌਰਵ ਗਰਗ ਦੇ ਦਖ਼ਲ ਮਗਰੋਂ ਉਸਨੂੰ ਛੱਡਿਆ ਗਿਆ।

 

ਏਸੀਪੀ ਬਾਲ ਕ੍ਰਿਸ਼ਨ ਸਿੰਗਲਾ ਨੇ ਦੋਸ਼ ਲਾਇਆ ਕਿ ਮੀਡੀਆ ਕਰਮੀਆਂ ਵੱਲੋਂ ਪੁਲੀਸ ਕਰਮਚਾਰੀਆਂ ਨਾਲ ਦੁਰਵਿਹਾਰ ਕੀਤਾ ਜਾ ਰਿਹਾ ਸੀ, ਜਿਸ ਕਾਰਨ ਖਿੱਚ ਧੂਹ ਹੋਈ ਹੈ। ਇਸ ਦੌਰਾਨ ਉਹ ਖੁਦ ਵੀ ਜ਼ਖਮੀ ਹੋਏ ਹਨ। ਇਸੇ ਦੌਰਾਨ ਆਮ ਆਦਮੀ ਪਾਰਟੀ ਨੇ ਵੀ ਪੱਤਰਕਾਰਾਂ ’ਤੇ ਪੁਲੀਸ ਲਾਠੀਚਾਰਜ ਦੀ ਨਿਖੇਧੀ ਕੀਤੀ ਹੈ।

 

ਮਜੀਠੀਆ ਮੁਆਫ਼ੀ ਮੰਗੇ: ਕੈਪਟਨ

ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰ ਭਾਈਚਾਰੇ ’ਤੇ ਕੀਤੇ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਆਪਣੀ ਬੌਖਲਾਹਟ ਹਰ ਕਿਸੇ ‘ਤੇ ਕੱਢ ਰਹੀ ਹੈ। ਉਨ੍ਹਾਂ ਘਟਨਾ ਦੀ ਜਾਂਚ ਦੀ ਮੰਗ ਕਰਦਿਆਂ ਕਥਿਤ ਦੋਸ਼ੀ ਪੁਲੀਸ ਕਰਮਚਾਰੀਆਂ ਖਿਲਾਫ਼ ਕਾਰਵਾਈ ਮੰਗੀ ਹੈ। ਉਨ੍ਹਾਂ ਆਖਿਆ ਕਿ ਬਿਕਰਮ ਸਿੰਘ ਮਜੀਠੀਆ ਇਸ ਕਾਰਵਾਈ ਲਈ ਪੱਤਰਕਾਰ ਭਾਈਚਾਰੇ ਕੋਲੋਂ ਬਿਨਾਂ ਸ਼ਰਤ ਮੁਆਫ਼ੀ ਮੰਗਣ।

ਆਪ ਵੱਲੋਂ ਡੀਐਸਪੀ ਬਾਲਕ੍ਰਿਸ਼ਨ ਸਿੰਗਲਾ ਨੂੰ ਤੁਰੰਤ ਹਟਾਉਣ ਦੀ ਮੰਗ

‘ਆਪ’ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਨੇ ਮੰਗ ਕੀਤੀ ਕਿ ਡੀਐਸਪੀ ਬਾਲਕ੍ਰਿਸ਼ਨ ਸਿੰਗਲਾ ਨੂੰ ਤੁਰੰਤ ਹਟਾਇਆ ਜਾਵੇ। ਉਨ੍ਹਾਂ ਐਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਪੱਟੀ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ।