ਮੋਹਾਲੀ: ਦੇਸ਼ ਭਰ 'ਚ ਅਜਾਦੀ ਦਿਹਾੜਾ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਦਾ ਸੂਬਾ ਪੱਧਰੀ ਸਮਾਗਮ ਮੋਹਾਲੀ 'ਚ ਮਨਾਇਆ ਜਾਵੇਗਾ। ਇਸ ਸਮਾਗਮ 'ਚ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸ਼ਿਰਕਤ ਕਰਨਗੇ ਤੇ ਤਿਰੰਗਾ ਫਹਿਰਾਉਣਗੇ ਸੂਬਾ ਪੱਧਰੀ ਸਮਾਗਮ ਦੇ ਚੱਲਦੇ ਪ੍ਰਸ਼ਾਸਨ ਪੱਬਾਂ ਭਾਰ ਹੈ। ਹਰ ਪੱਖ ਤੋਂ ਤਿਆਰੀਆਂ ਦਾ ਦੌਰ ਚੱਲ ਰਿਹਾ ਹੈ। ਸੁਰੱਖਿਆ ਵਿਵਸਥਾ ਦੇ ਲਿਹਾਜ਼ ਨਾਲ ਵੱਡੀ ਗਿਣਤੀ ਪੁਲਿਸ ਫੋਰਸ ਤੇ ਸਪੈਸ਼ਲ ਕਮਾਂਡੋਜ਼ ਦੀ ਤਾਇਨਾਤੀ ਕੀਤੀ ਗਈ ਹੈ। ਇਸੇ ਲਿਹਾਜ਼ ਨਾਲ ਅੱਜ ਪੂਰੇ ਸਮਾਗਮ ਦੀ ਫਾਈਨਲ ਫੁੱਲ ਡ੍ਰੈੱਸ ਰਿਹਸਲ ਕਰਵਾਈ ਗਈ ਹੈ।

 



 

ਮੋਹਾਲੀ ਦੇ ਸਟੇਡੀਅਮ 'ਚ ਅੱਜ ਸਵੇਰ ਤੋਂ ਹੀ ਸੁਰੱਖਿਆ ਦਸਤਿਆਂ ਨੇ ਮੋਰਚਾ ਸੰਭਾਲਿਆ ਹੋਇਆ ਸੀ। ਮੰਨੋ ਜਿਵੇਂ ਅੱਜ ਹੀ 15 ਅਗਸਤ ਹੋਵੇ। ਇਹ ਇਸ ਲਈ ਕਿਉਂਕਿ ਇਸ ਸਟੇਡੀਅਮ 'ਚ ਹੋਣ ਵਾਲੇ ਸੂਬਾ ਪੱਧਰੀ ਸਮਾਗਮ ਦੀ ਅੱਜ ਫੁੱਲ ਡ੍ਰੈੱਸ ਫਾਈਨਲ ਰਿਹਸਲ ਹੋ ਰਹੀ ਸੀ। ਜਿਲ੍ਹੇ ਦੇ ਐਸਐਸਪੀ ਗੁਰਪ੍ਰੀਤ ਸਿੰਘ ਭੁੱਲਰ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲੈ ਰਹੇ ਸਨ। ਰਿਹਸਲ ਮੌਕੇ ਮਾਰਚਪਾਸਟ ਤੋਂ ਸਲਾਮੀ ਲੈਣ ਲਈ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਡੀਐਸ ਮਾਂਗਟ ਮੁੱਖ ਮਹਿਮਾਨ ਵਜੋਂ ਪਹੁੰਚੇ ਹੋਏ ਸਨ। ਆਖਰ ਫੁੱਲ ਡ੍ਰੈੱਸ ਰਿਹਸਲ ਦੀ ਸ਼ੁਰੂਆਤ ਹੁੰਦਿਆਂ ਪੰਜਾਬ ਪੁਲਿਸ ਦੇ ਡੀਐਸਪੀ ਤੇ ਸਾਬਕਾ ਹਾਕੀ ਉਲੰਪੀਅਨ ਰਾਜਪਾਲ ਸਿੰਘ ਦੀ ਅਗਵਾਈ ਵਾਲੀ ਪੁਲਿਸ ਦੀ ਟੁਕੜੀ ਨੇ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ।

 

 

 

ਸਲਾਮੀ ਤੋਂ ਬਾਅਦ ਵੱਖ ਵੱਖ ਸਕੂਲਾਂ ਤੋਂ ਆਏ ਬੱਚਿਆਂ ਨੇ ਆਪਣੇ ਰੰਗਾਰੰਗ ਪ੍ਰੋਗਰਾਮ ਦੀ ਤਿਆਰੀ ਦੀ ਵੀ ਫਾਈਨਲ ਰਿਹਸਲ ਕੀਤੀ। ਸਕੂਲੀ ਬੱਚਿਆਂ ਵੱਲੋਂ ਤਿਆਰ ਕੀਤੀਆਂ ਗਈਆਂ ਸਾਰੀਆਂ ਆਈਟਮ ਇੱਕ ਇੱਕ ਕਰ ਸਮੇਂ ਦੇ ਮੁਤਾਬਕ ਪੇਸ਼ ਕੀਤੀਆਂ ਗਈਆਂ। ਪੁਲਿਸ ਪ੍ਰਸ਼ਾਸਨ ਨੇ ਵੀ ਇਸ ਦੌਰਾਨ ਸੁਰੱਖਿਆ ਨੂੰ ਲੈ ਕੇ ਖਾਸ ਰਣਨੀਤੀ ਤਿਆਰ ਕੀਤੀ। ਜਿਲਾ ਪੁਲਿਸ ਮੁਖੀ ਮੁਤਾਬਕ ਸਟੇਡੀਅਮ ਨੂੰ ਤਿੰਨ ਘੇਰਿਆਂ 'ਚ ਸੁਰੱਖਿਆ ਦਿੱਤੀ ਜਾਏਗੀ। ਪਹਿਲਾ ਘੇਰਾ ਸਟੇਡੀਅਮ ਦੇ ਬਾਹਰ ਹੋਏਗਾ, ਦੂਸਰਾ ਘੇਰਾ ਸਟੇਅਮ ਦੀ ਚਾਰਦੀਵਾਰੀ ਦੇ ਅੰਦਰ ਤੇ ਤੀਸਰਾ ਮੁੱਖ ਮਹਿਮਾਨ ਦੀ ਸਟੇਜ ਨੂੰ ਸੁਰੱਖਿਆ ਦੇਵੇਗਾ।