ਪੰਜਾਬ ਦੇ ਮਾਹੌਲ 'ਤੇ ਬਾਦਲ ਪਿਉ-ਪੁੱਤ ਆਹਮੋ-ਸਾਹਮਣੇ
ਏਬੀਪੀ ਸਾਂਝਾ | 12 Aug 2016 10:05 AM (IST)
ਚੰਡੀਗੜ੍ਹ/ਜਲੰਧਰ: (ਨਪਿੰਦਰ ਸਿੰਘ ਬਰਾੜ) ਆਮ ਆਦਮੀ ਪਾਰਟੀ ਦੇ ਖਾਲਿਸਤਾਨੀਆਂ ਨਾਲ ਸਬੰਧ ਹਨ ਜਾਂ ਨਹੀਂ ? ਪੰਜਾਬ 'ਚ ਹੋ ਰਹੀਆਂ ਘਟਨਾਵਾਂ ਪਿੱਛੇ ਪਾਕਿ ਦੀ ਖੁਫੀਆ ਏਜੰਸੀ ਆਈ.ਐਸ.ਆਈ. ਦਾ ਹੱਥ ਹੈ ਜਾਂ ਨਹੀਂ ? ਇਨ੍ਹਾਂ ਦੋਵਾਂ ਸਵਾਲਾਂ ਦੇ ਜਵਾਬ 'ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉੱਪ ਮੁੱਖ ਮੰਤਰੀ ਸੁਖਬੀਰ ਬਾਦਲ, ਪਿਉ ਪੁੱਤ ਦੀ ਸੋਚ ਵੱਖੋ-ਵੱਖਰੀ ਹੈ। ਜ਼ਰਾ ਧਿਆਨ ਨਾਲ ਪੜ੍ਹ ਲਓ ਕਿ ਦੋਵਾਂ ਨੇ ਇਨ੍ਹਾਂ ਸਵਾਲਾਂ ਦੇ ਜਵਾਬ 'ਚ ਕੀ ਕੁਝ ਕਿਹਾ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਵਾਲ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਦੇ ਖਾਲਿਸਤਾਨੀਆਂ ਨਾਲ ਸਬੰਧ ਹਨ ? ਇਸ ਦੇ ਜਵਾਬ 'ਚ ਉਨ੍ਹਾਂ ਕਿਹਾ, "ਸਰਕਾਰ ਕੋਲ ਇਸ ਦੀ ਕੋਈ ਸਿੱਧੀ ਪੁਖਤਾ ਜਾਣਕਾਰੀ ਨਹੀਂ ਹੈ।" ਜਦਕਿ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਖਾਲਿਸਤਾਨੀਆਂ ਨਾਲ ਸਬੰਧ ਹਨ। ਉਨ੍ਹਾਂ ਕਿਹਾ ਸੀ ਕਿ ‘ਆਪ’ ਕਨਵੀਰ ਅਰਵਿੰਦ ਕੇਜਰੀਵਾਲ ਖਾਲਿਸਤਾਨੀਆਂ ਨਾਲ ਮੀਟਿੰਗਾਂ ਕਰਦੇ ਹਨ ਤੇ ਉਨ੍ਹਾਂ ਤੋਂ ਫੰਡ ਲੈ ਰਹੇ ਹਨ। ਮੁੱਖ ਮੰਤਰੀ ਨੂੰ ਦੂਸਰਾ ਸਵਾਲ ਕੀਤਾ ਗਿਆ ਕਿ ਜੇਕਰ ਉਪ ਮੁੱਖ ਮੰਤਰੀ ਦੇ ਕਹਿਣ ਮੁਤਾਬਕ ਪੰਜਾਬ 'ਚ ਹੋ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਪਿੱਛੇ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐਸ.ਆਈ. ਦਾ ਹੱਥ ਹੈ ਤਾਂ ਕੀ ਇਨ੍ਹਾਂ ਮਾਮਲਿਆਂ ਦੀ ਜਾਂਚ ਐਨ.ਆਈ.ਏ. ਨੂੰ ਨਹੀਂ ਸੌਂਪ ਦੇਣੀ ਚਾਹੀਦੀ ? ਇਸ ਗੰਭੀਰ ਮਾਮਲੇ ਦੇ ਸਵਾਲ 'ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਵਾਬ ਸੀ ਕਿ, "ਜੇਕਰ ਘਟਨਾਵਾਂ ਦੇ ਸ਼ਿਕਾਰ ਹੋਏ ਲੋਕਾਂ ਦੇ ਘਰਦੇ ਕਹਿਣਗੇ ਤਾਂ ਕਰ ਦਿਆਂਗੇ।" ਜਦਕਿ ਪੰਜਾਬ 'ਚ ਲਗਾਤਾਰ ਹੋ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਦੇ ਮੁੱਦੇ 'ਤੇ ਪੰਜਾਬ ਦੇ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਇਸ ਸਭ ਦੇ ਪਿੱਛੇ ਪਾਕਿ ਦੀ ਖੁਫੀਆ ਏਜੰਸੀ ਆਈ.ਐਸ.ਆਈ. ਦਾ ਹੱਥ ਹੈ। ਇਸ ਦੇ ਨਾਲ ਹੀ ਪੰਜਾਬ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਬਾਦਲ ਨੇ ਕਿਹਾ ਕਿ ਕੁੱਲ 14 ਮਾਮਲੇ ਹੋਏ ਸਨ ਇਨ੍ਹਾਂ 'ਚੋਂ 13 ਨੂੰ ਸੁਲਝਾ ਲਿਆ ਗਿਆ ਹੈ। ਉਨ੍ਹਾਂ ਇਸ ਪੂਰੇ ਮਾਮਲੇ 'ਚ ਕਿਸੇ ਤਰ੍ਹਾਂ ਦਾ ਵੀ ਵਿਦੇਸ਼ੀ ਹੱਥ ਹੋਣ ਤੋਂ ਸਾਫ ਇਨਕਾਰ ਕਰ ਦਿੱਤਾ ਪਰ ਬਰਗਾੜੀ ਬੇਅਦਬੀ ਮਾਮਲੇ 'ਤੇ ਸੀਐਮ ਸਾਹਿਬ ਨੇ ਜਵਾਬ ਦਿੱਤਾ ਕਿ ਜਾਂਚ ਚੱਲ ਰਹੀ ਹੈ। ਪੰਜਾਬ ਸਰਕਾਰ ਲਗਾਤਾਰ ਵਾਪਰ ਰਹੀਆਂ ਇਨ੍ਹਾਂ ਗੰਭੀਰ ਘਟਨਾਵਾਂ ਨੂੰ ਲੈ ਕੇ ਸਰਕਾਰ ਕਿੰਨੀ ਕੁ ਗੰਭੀਰ ਹੈ, ਸਾਡੇ ਲੀਡਰ ਇਨ੍ਹਾਂ ਮਾਮਲਿਆਂ 'ਤੇ ਕਿੰਨੀ ਕੁ ਗੰਭੀਰਤਾ ਨਾਲ ਬਿਆਨ ਦਿੰਦੇ ਹਨ, ਇਹ ਸਭ ਪੰਜਾਬ ਦੇ ਮੁੱਖ ਮੰਤਰੀ ਤੇ ਉੱਪ ਮੁੱਖ ਮੰਤਰੀ ਦੀ ਵੱਖੋ-ਵੱਖਰੀ ਰਾਇ ਤੋਂ ਸਾਫ ਹੋ ਜਾਂਦਾ ਹੈ। ਕੀ ਇਹ ਬਿਆਨਬਾਜ਼ੀ ਸਿਰਫ ਵਿਰੋਧੀਆਂ 'ਤੇ ਨਿਸ਼ਾਨੇ ਲਾਉਣ ਲਈ ਤੇ ਸੱਤਾ ਬਚਾਉਣ ਲਈ ਕੀਤੀ ਜਾਂਦੀ ਹੈ ..? ਆਖਰ ਸਰਕਾਰ ਸੂਬੇ ਦੇ ਲੋਕਾਂ ਨੂੰ ਲੈ ਕੇ ਗੰਭੀਰਤਾ ਨਾਲ ਵੀ ਸੋਚੇਗੀ ..? ਇਹ ਵੱਡਾ ਸਵਾਲ ਜਿਉਂ ਦਾ ਤਿਉਂ ਬਣਿਆ ਹੋਇਆ ਹੈ।