ਚੰਡੀਗੜ੍ਹ: ਪੰਜਾਬ ਪੁਲਿਸ ਦੇ ਬਰਖ਼ਾਸਤ ਡੀ.ਐਸ.ਪੀ. ਤੇ ਅੰਤਰਰਾਸ਼ਟਰੀ ਭਲਵਾਨ ਜਗਦੀਸ਼ ਭੋਲਾ ਨੂੰ ਨਸ਼ਾ ਤਸਕਰੀ ਇੱਕ ਕੇਸ ਵਿੱਚ ਜਲੰਧਰ ਦੀ ਅਦਾਲਤ ਵੱਲੋਂ ਬਰੀ ਕੀਤੇ ਗਏ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਹੁਕਮਰਾਨ ਪਾਰਟੀ ਨੂੰ ਘੇਰ ਲਿਆ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਆਖਿਆ ਕਿ ਬਿਕਰਮ ਸਿੰਘ ਮਜੀਠੀਆ ਤੇ ਪੰਜਾਬ ਪੁਲਿਸ ਨੇ ਮਿਲ ਕੇ ਅਦਾਲਤ ਵਿੱਚ ਭੋਲੇ ਦਾ ਕੇਸ ਕਮਜ਼ੋਰ ਕੀਤਾ ਹੋਣਾ ਜਿਸ ਕਾਰਨ ਉਹ ਬਰੀ ਹੋ ਗਿਆ।
ਸੁੱਚਾ ਸਿੰਘ ਛੋਟੇਪੁਰ ਨੇ ਅਦਾਲਤ ਦੇ ਫ਼ੈਸਲੇ ਉੱਤੇ ਟਿੱਪਣੀ ਤੋਂ ਇਨਕਾਰ ਕਰਦਿਆਂ 'ਏਬੀਪੀ ਸਾਂਝਾ' ਨੂੰ ਆਖਿਆ ਕਿ ਬਿਕਰਮ ਸਿੰਘ ਮਜੀਠੀਆ ਦੇ ਪ੍ਰਭਾਵ ਵਿੱਚ ਪੰਜਾਬ ਪੁਲਿਸ ਨੇ ਭੋਲੇ ਖ਼ਿਲਾਫ਼ ਕੇਸ ਜਾਣਬੁੱਝ ਕੇ ਕਮਜ਼ੋਰ ਕੀਤਾ ਹੋਣਾ ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ। ਛੋਟੇਪੁਰ ਨੇ ਦੱਸਿਆ ਕਿ ਜਿਸ ਤਰੀਕੇ ਨਾਲ ਭੋਲੇ ਨੇ ਨਸ਼ੇ ਦੇ ਮਾਮਲੇ ਵਿੱਚ ਖ਼ੁਲਾਸੇ ਕੀਤੇ ਸਨ, ਉਸ ਤੋਂ ਬਿਕਰਮ ਸਿੰਘ ਮਜੀਠੀਆ ਬੁਰੀ ਤਰ੍ਹਾਂ ਡਰਿਆ ਹੋਇਆ ਸੀ।
ਯਾਦ ਰਹੇ ਕਿ ਕੌਮਾਂਤਰੀ ਭਲਵਾਨ ਜਗਦੀਸ਼ ਭੋਲੇ ਨੇ ਨਸ਼ਾ ਤਸਕਰੀ ਦੇ ਤਾਰ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨਾਲ ਜੁੜੇ ਹੋਣ ਦੀ ਗੱਲ ਆਖ ਕੇ ਸੂਬੇ ਦੀ ਸਿਆਸਤ ਭਖਾ ਦਿੱਤੀ ਸੀ। ਨਸ਼ਾ ਤਸਕਰੀ ਵਿੱਚ ਖੁੱਲ੍ਹੇਆਮ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਮ ਲੈਂਦਿਆਂ ਭੋਲੇ ਨੇ ਹੀ ਪੂਰੇ ਮਾਮਲੇ ਦੀ ਸੀ.ਬੀ.ਆਈ. ਜਾਂਚ ਕਰਵਾਉਣ ਦੀ ਵੀ ਗੱਲ ਆਖੀ ਸੀ। ਪੰਜਾਬ ਵਿੱਚ ਨਸ਼ੇ ਦੀ ਮੁੱਦੇ ਉੱਤੇ ਆਮ ਆਦਮੀ ਪਾਰਟੀ ਪ੍ਰਮੁੱਖ ਤੌਰ ਉੱਤੇ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨੂੰ ਘੇਰ ਰਹੀ ਹੈ।
ਹਾਲਾਂਕਿ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਹੋਰਾਂ ਖ਼ਿਲਾਫ਼ ਮਾਣਹਾਨੀ ਦਾ ਕੇਸ ਵੀ ਕੀਤਾ ਹੋਇਆ ਹੈ ਜੋ ਇਸ ਸਮੇਂ ਅਦਾਲਤ ਦੇ ਵਿਚਾਰ ਅਧੀਨ ਹੈ। ਜਲੰਧਰ ਦੀ ਅਦਾਲਤ ਨੇ ਵੀਰਵਾਰ ਨੂੰ ਨਸ਼ਾ ਤਸਕਰੀ ਮਾਮਲੇ ਵਿੱਚ ਜਗਦੀਸ਼ ਭੋਲਾ, ਕਾਰੋਬਾਰੀ ਜਗਜੀਤ ਸਿੰਘ ਚਹਿਲ ਤੇ ਸਾਬਕਾ ਅਕਾਲੀ ਲੀਡਰ ਮਨਿੰਦਰ ਸਿੰਘ ਬਿੱਟੂ ਔਲਖ ਨੂੰ ਵੀ ਬਰੀ ਕਰ ਦਿੱਤਾ ਸੀ।