ਅਮ੍ਰਿਤਸਰ: ਪੁਲਿਸ ਨੇ 4 ਖਤਰਨਾਕ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਹ ਗ੍ਰਿਫਤਾਰੀ ਗੈਂਗਸਟਰਾਂ 'ਤੇ ਕਾਬੂ ਪਾਉਣ ਲਈ ਬਣਾਈ ਸਪੈਸ਼ਲ ਟਾਸਕ ਫੋਰਸ ਤੇ ਅਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਕੀਤੀ ਕਾਰਵਾਈ ਦੌਰਾਨ ਹੋਈ ਹੈ। ਪੁਲਿਸ ਨੇ ਇਹਨਾਂ ਕੋਲੋਂ ਕਈ ਹਥਿਆਰ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਹ ਗੈਂਗਸਟਰ ਜੱਗੂ ਅਤੇ ਅੰਕਲ ਖੱਤਰੀ ਗੈਂਗ ਨਾਲ ਸਬੰਧਿਤ ਹਨ।     ਐਸ.ਐਸ.ਪੀ ਜਸਦੀਪ ਸਿੰਘ ਮੁਤਾਬਕ  ਗੈਂਗਸਟਰ ਜਗਰੂਪ ਸਿੰਘ, ਨਾਵਜੇਤ ਸਿੰਘ, ਗੁਰਜੰਟ ਸਿੰਘ ਅਤੇ ਗੁਰਵਿੰਦਰ ਸਿੰਘ ਨੂੰ ਉਦੋਨੰਗਲ ਪਿੰਡ ਦੇ ਖੇਡ ਸਟੇਡੀਅਮ ਤੋਂ ਗ੍ਰਿਫਤਾਰ ਕੀਤਾ ਗਿਆ ਹੈ, ਜਿੱਥੇ ਇਹ ਕਿਸੇ ਵਾਰਦਾਤ ਨੂੰ ਅੰਜਾਮ ਦੀ ਤਿਆਰੀ ਵਿੱਚ ਸਨ। ਪੁਲਿਸ ਮੁਤਾਬਕ ਇਹਨਾਂ ਦਾ ਇੱਕ ਸਾਥੀ ਰਣਜੋਧ ਸਿੰਘ ਮੌਕੇ ਤੋਂ ਭੱਜਣ ਚ ਕਾਮਯਾਬ ਹੋ ਗਿਆ। ਜਗਰੂਪ ਸਿੰਘ  ਪੁਲਿਸ ਦੀ ਗ੍ਰਿਫਤਾਰੀ ਚੋਂ ਭੱਜਿਆ ਹੋਇਆ ਸੀ। ਪਿਛਲੇ ਸਾਲ ਉਹ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਜ਼ੇਰੇ ਇਲਾਜ ਹੁੰਦਿਆਂ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਸੀ।     ਪੁਲਿਸ ਨੇ ਜਗਰੂਪ ਸਿੰਘ ਕੋਲੋਂ ਇੱਕ ਪਿਸਤੌਲ 315 ਬੋਰ,  2 ਕਾਰਤੂਸ, 2000 ਨਸ਼ੀਲੀਆਂ ਗੋਲੀਆਂ,  ਨਵਜੋਤ ਸਿੰਘ ਕੋਲੋਂ 1 ਪਿਸਤੌਲ 315 ਬੋਰ,  2 ਕਾਰਤੂਸ,  2000 ਨਸ਼ੀਲੀਆਂ ਗੋਲੀਆਂ, ਗੁਰਜੰਟ ਸਿੰਘ ਕੋਲੋਂ 1 ਪਿਸਤੌਲ 315 ਬੋਰ, 2 ਕਾਰਤੂਸ,  ਗੁਰਵਿੰਦਰ ਸਿੰਘ ਕੋਲੋਂ 1 ਪਿਸਤੌਲ 315 ਬੋਰ,  2 ਕਾਰਤੂਸ ਬਰਾਮਦ ਕੀਤੇ ਹਨ। ਫਿਲਹਾਲ ਇਹਨਾਂ ਤੋਂ ਪੁੱਛ-ਗਿੱਛ ਮਗਰੋਂ ਜਗਰੂਪ ਦੇ ਘਰੋਂ ਵੀ ਇੱਕ ਪਸਤੌਲ ਬਰਾਮਦ ਕੀਤਾ ਗਿਆ ਹੈ।     ਇਹਨਾਂ ਸਾਰੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਿਕ ਇਹਨਾਂ ਨੇ ਇਲਾਕੇ ਵਿੱਚ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਪੁੱਛ-ਗਿੱਛ ਦੌਰਾਨ ਕਈ ਡਕੈਤੀਆਂ, ਲੂਟਾਂ-ਖੋਹਾਂ ਅਤੇ ਹੋਰ ਵਾਰਦਾਤਾਂ ਦੇ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ।