ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਚੁਨੌਤੀ ਦਿੱਤੀ ਹੈ। ਖਹਿਰਾ ਨੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਚੁਨੌਤੀ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਜਾਰੀ ਕੀਤੇ ਗਏ ਪੋਸਟਰਾਂ ਨੂੰ ਉਹ ਫ਼ਰਜ਼ੀ ਸਾਬਤ ਕਰ ਕੇ ਵਿਖਾਏ। ਸ਼ਨੀਵਾਰ ਨੂੰ ਸੁਖਪਾਲ ਖਹਿਰਾ ਨੇ ਕੈਪਟਨ ਦਾ ਇੱਕ ਪੋਸਟਰ ਜਾਰੀ ਕੀਤਾ ਸੀ ਜਿਸ ਵਿਚ ਕਿ ਕੈਪਟਨ ਸ੍ਰੀ ਦਰਬਾਰ ਸਾਹਿਬ ਦੀ ਫ਼ੋਟੋ ਦੇ ਨਾਲ ਨਜ਼ਰ ਆ ਰਹੇ ਸਨ ਅਤੇ ਸ੍ਰੀ ਦਰਬਾਰ ਸਾਹਿਬ ਦੀ ਇਸ ਫ਼ੋਟੋ ਉੱਪਰ ਕਾਂਗਰਸ ਦਾ ਚੋਣ ਨਿਸ਼ਾਨ ਹੱਥ ਅਤੇ ਕਾਂਗਰਸ ਦੇ ਲੀਡਰਾਂ ਸੋਨੀਆ ਗਾਂਧੀ, ਮਨਮੋਹਨ ਸਿੰਘ ਅਤੇ ਰਾਹੁਲ ਗਾਂਧੀ ਦੀਆਂ ਤਸਵੀਰਾਂ ਛਪੀਆਂ ਹੋਈਆਂ ਸਨ। ਇਸ ਮੁੱਦੇ ਉੱਤੇ ਖਹਿਰਾ ਨੇ ਐਤਵਾਰ ਨੂੰ ਇੱਕ ਵਾਰ ਫਿਰ ਆਖਿਆ ਕਿ ਪੋਸਟਰ ਅਮਰਿੰਦਰ ਵੱਲੋਂ ਫੇਸ ਬੁੱਕ ਅਕਾਊਟ ਉੱਤੇ 22 ਅਪ੍ਰੈਲ 2014 ਨੂੰ ਪੋਸਟ ਕੀਤਾ ਗਿਆ ਸੀ। ਖਹਿਰਾ ਨੇ ਆਖਿਆ ਉਸ ਸਮੇਂ ਹੀ ਉਨ੍ਹਾਂ ਇਹ ਪੋਸਟਰ ਕੈਪਟਨ ਦੇ ਫੇਸ ਬੁੱਕ ਪੇਜ ਤੋਂ ਡਾਊਨਲੋਡ ਕਰ ਲਿਆ ਗਿਆ ਸੀ। ਖਹਿਰਾ ਨੇ ਦਾਅਵਾ ਕੀਤਾ ਹੈ ਕਿ ਸਬੂਤ ਵਜੋਂ ਫੇਸ ਬੁੱਕ ਪੇਜ ਦੀਆਂ ਤਸਵੀਰਾਂ ਅਜੇ ਵੀ ਉਨ੍ਹਾਂ ਕੋਲ ਹਨ। ਜੇਕਰ ਅਮਰਿੰਦਰ ਨੂੰ ਲੱਗਦਾ ਹੈ ਕਿ ਇਹ ਤਸਵੀਰਾਂ ਝੂਠੀਆਂ ਹਨ ਤਾਂ ਉਹ ਇਸ ਨੂੰ ਸਾਬਤ ਕਰਦਾ ਹੋਇਆ ਮੇਰੇ ਤੇ ਐਫਆਈਆਰ ਦਰਜ ਕਿਉਂ ਨਹੀਂ ਕਰਵਾ ਦਿੰਦਾ?' ਖਹਿਰਾ ਨੇ ਆਖਿਆ ਕਿ ਉਹ ਆਪਣੇ ਬਿਆਨ ਉੱਤੇ ਅਜੇ ਵੀ ਪੂਰੀ ਤਰ੍ਹਾਂ ਕਾਇਮ ਹਨ।