ਸ਼੍ਰੋਮਣੀ ਢਾਡੀ ਈਦੂ ਸ਼ਰੀਫ਼ ਦੀ ਜ਼ਿੰਦਗੀ ਦੇ ਰੰਗ ਹੋਏ 'ਬੇਰੰਗ'
ਏਬੀਪੀ ਸਾਂਝਾ | 10 Jul 2016 11:05 AM (IST)
ਚੰਡੀਗੜ੍ਹ:ਪੰਜਾਬੀਅਤ ਦੇ ਉੱਘੇ ਢਾਡੀ ਈਦੂ ਸ਼ਰੀਫ਼ ਦੀ ਆਰਥਿਕ ਹਾਲਤ ਬੇਹੱਦ ਮੰਦੀ ਹੈ। ਚੰਡੀਗੜ੍ਹ ਦੇ ਇਲਾਕੇ ਮਨੀਮਾਜਰਾ ਦੀਆਂ ਤੰਗ ਗਲੀਆਂ ਵਿੱਚ ਗੁਆਚ ਗਿਆ ਹੈ ਪੰਜਾਬ ਦਾ ਇਹ ਸ਼੍ਰੋਮਣੀ ਢਾਡੀ। ਮਨੀਮਾਜਰਾ ਦੀਆਂ ਤੰਗ ਗਲ਼ੀਆਂ,ਭੀੜ ਭੜਕਾ ਵਿੱਚ ਹੈ ਈਦੂ ਸ਼ਰੀਫ਼ ਦਾ ਘਰ। ਗ਼ਰੀਬ ਅਤੇ ਲਾਚਾਰੀ ਇਹਨਾਂ ਤੰਗ ਗਲੀਆਂ ਵਿੱਚ ਜਾਂਦੇ ਹੀ ਦਿੱਖ ਜਾਂਦੀ ਹੈ ਅਤੇ ਇਸ ਉੱਤੇ ਪੱਕੀ ਮੋਹਰ ਈਦੂ ਦੇ ਘਰ ਪਹੁੰਚ ਕੇ ਲੱਗਦੀ ਹੈ। ਘਰ ਦੇ ਦੋ ਕਮਰਿਆਂ ਵਿੱਚ ਈਦੂ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਜਿਸ ਕਮਰੇ ਵਿੱਚ ਈਦੂ ਪਿਆ ਹੈ ਉਸੀ ਕਮਰੇ ਵਿੱਚ ਰਸੋਈ ਵੀ ਹੈ। ਬਿਮਾਰੀ ਅਤੇ ਗ਼ਰੀਬ ਨੇ ਈਦੂ ਨੂੰ ਤੋੜ ਕੇ ਰੱਖ ਦਿੱਤਾ ਹੈ। ਆਪਣੇ ਸਮੇਂ ਨੂੰ ਯਾਦ ਕਰ ਕੇ ਈਦੂ ਅੱਜ ਵੀ ਭਾਵੁਕ ਹੋ ਜਾਂਦਾ ਹੈ। ਗਾਉਣ ਨੂੰ ਦਿਲ ਤਾਂ ਈਦੂ ਦਾ ਹੁਣ ਵੀ ਕਰਦਾ ਹੈ। ਪਰ ਬਿਮਾਰੀ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕ ਰਹੀ ਹੈ। ਅਧਰੰਗ ਦੇ ਦੌਰੇ ਨੇ ਈਦੂ ਸ਼ਰੀਫ਼ ਨੂੰ ਪੰਜੇ ਉੱਤੇ ਪਾ ਦਿੱਤਾ। ਆਪਣੇ ਸਮੇਂ ਨੂੰ ਯਾਦ ਕਰ ਕੇ ਈਦੂ ਅੱਜ ਵੀ ਭਾਵੁਕ ਹੋ ਜਾਂਦਾ ਹੈ। ਈਦੂ ਦੀ ਗਾਇਕੀ ਦਾ ਪ੍ਰਮਾਣ ਉਸ ਦੇ ਕਮਰੇ ਵਿੱਚ ਪਏ ਸਨਮਾਨ ਪੱਤਰਾਂ ਤੋਂ ਲਗਾਇਆ ਜਾ ਸਕਦਾ ਹੈ। ਦੇਸ਼ ਵਿਦੇਸ਼ ਵਿੱਚ ਈਦੂ ਨੂੰ ਇਹ ਮਾਣ ਸਨਮਾਨ ਮਿਲੇ ਹਨ। ਜਿਸ ਵਿੱਚ ਮਰਹੂਮ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਅਤੇ ਪੰਜਾਬ ਸਰਕਾਰ ਦਾ ਸਨਮਾਨ ਵੀ ਸ਼ਾਮਲ ਹਨ। ਗਾਇਕੀ ਦੇ ਨਾਲ ਨਾਲ ਗ਼ੁਰਬਤ ਈਦੂ ਨੂੰ ਵਿਰਸਾ ਵਿੱਚ ਮਿਲੀ ਜਿਸ ਨੇ ਉਸ ਦਾ ਹੁਣ ਤੱਕ ਪੱਲਾ ਨਹੀਂ ਛੱਡਿਆ। ਇੱਕ ਵਾਰ ਪੰਜਾਬ ਸਰਕਾਰ ਨੇ ਉਸ ਨੂੰ ਇਲਾਜ ਲਈ ਲੱਖ ਰੁਪਇਆ ਦਿੱਤਾ ਸੀ। ਲੱਖ ਰੁਪਇਆ ਤਾਂ ਖ਼ਤਮ ਹੋ ਗਿਆ ਪਰ ਈਦੂ ਦੀ ਬਿਮਾਰੀ ਨਹੀਂ। ਕਮਰੇ ਦੀ ਇੱਕ ਨੁੱਕਰ ਵਿੱਚ ਪਈ ਸਾਰੰਗੀ ਵੀ ਈਦੂ ਵਾਂਗ ਉਦਾਸ ਹੈ। ਗਾਇਕੀ ਰਾਹੀਂ ਹੀ ਈਦੂ ਦੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ। ਪਰ ਬਿਮਾਰੀ ਕਾਰਨ ਈਦੂ ਸਟੇਜ ਤੋਂ ਦੂਰ ਤਾਂ ਕੀ ਹੋਇਆ ਘਰ ਉੱਤੇ ਗ਼ਰੀਬੀ ਦੇ ਬੱਦਲ ਛਾ ਗਏ। ਈਦੂ ਦੇ ਬੇਟੇ ਸੁੱਖੀ ਖ਼ਾਨ ਅਤੇ ਵਿੱਕੀ ਖ਼ਾਨ ਵੀ ਪਿਤਾ ਦੀ ਬਿਮਾਰੀ ਕਾਰਨ ਸਟੇਜ ਤੋਂ ਦੂਰ ਹੋ ਗਏ। ਭਰ ਮੰਨ ਨਾਲ ਸੁੱਖੀ ਨੇ ਦੱਸਿਆ ਕਿ ਪਿਤਾ ਦੇ ਇਲਾਜ ਦੀ ਗੱਲ ਤਾਂ ਦੂਰ ਬੱਚਿਆਂ ਦੇ ਸਕੂਲ ਦੀ ਫ਼ੀਸ ਤੱਕ ਉਨ੍ਹਾਂ ਕੋਲ ਨਹੀਂ ਹੈ। ਚਾਰ ਵਾਰ ਸੁੱਖੀ ਖ਼ਾਨ ਅਤੇ ਵਿੱਕੀ ਦੇ ਬੱਚਿਆਂ ਦਾ ਨਾਮ ਸਕੂਲ ਵਿਚੋਂ ਕੱਟ ਚੁੱਕਾ ਹੈ। ਈਦੂ ਨੇ ਕੁੱਝ ਮਹੀਨੇ ਪਹਿਲਾਂ ਆਪਣਾ ਇਲਾਜ ਰੋਪੜ ਦੇ ਹਸਪਤਾਲ ਤੋਂ ਸ਼ੁਰੂ ਵੀ ਕਰਵਾਇਆ ਸੀ ਪਰ ਪੈਸੇ ਦੀ ਕਮੀ ਕਾਰਨ ਇਹ ਇਲਾਜ ਅੱਧ ਵਿਚਾਲੇ ਹੀ ਰਹਿ ਗਿਆ। ਈਦੂ ਦੀ ਉਮੀਦ ਹੁਣ ਸਭ ਪਾਸੇ ਤੋਂ ਟੁੱਟ ਚੁੱਕੀ ਹੈ। ਅਜਿਹੇ ਸਮੇਂ ਵੀ ਈਦੂ ਆਪਣੀ ਗਾਇਕੀ ਨਾਲ ਕਿਸੇ ਵੀ ਤਰ੍ਹਾਂ ਸਮਝੌਤਾ ਕਰਨ ਲਈ ਤਿਆਰ ਨਹੀਂ। ਈਦੂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਹੋਰ ਕੁੱਝ ਨਹੀਂ ਤਾਂ ਉਸ ਨੂੰ ਘੱਟੋ ਘੱਟ ਪੈਨਸ਼ਨ ਹੀ ਲੱਗਾ ਦਿੱਤੀ ਜਾਵੇ ਤਾਂ ਜੋ ਉਸ ਦੇ ਘਰ ਦਾ ਗੁਜ਼ਾਰਾ ਤਾਂ ਚੱਲ ਸਕੇ। ਈਦੂ ਹੁਣ ਵੀ ਸਟੇਜ ਉੱਤੇ ਵਾਪਸੀ ਕਰ ਸਕਦਾ ਹੈ ਕਿਉਂਕਿ ਉਸ ਵਿੱਚ ਗਾਇਕੀ ਦੀ ਚਾਹਤ ਅਜੇ ਬਾਕੀ ਹੈ। ਪਰ ਇਹ ਸੰਭਵ ਹੈ ਉਸ ਦੇ ਉਸ ਦੇ ਇਲਾਜ ਨਾਲ।