ਲੁਧਿਆਣਾ 'ਚ ਨਹੀਂ ਮਿਲੇਗਾ ਪੈਟਰੋਲ ਡੀਜ਼ਲ
ਏਬੀਪੀ ਸਾਂਝਾ | 10 Jul 2016 05:54 AM (IST)
ਲੁਧਿਆਣਾ: ਜਿਲ੍ਹੇ ਦੇ ਸਾਰੇ ਪੈਟਰੋਲ ਪੰਪਾਂ ਦੀ ਅੱਜ ਹੜਤਾਲ ਹੈ। ਪੈਟਰੋਲ ਪੰਪ ਡੀਲਰਾਂ ਵੱਲੋਂ ਆਪਣੀ ਸੁਰੱਖਿਆ ਨੂੰ ਲੈ ਕੇ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਲਜ਼ਾਮ ਹਨ ਕਿ ਪੈਟਰੋਲ ਪੰਪਾਂ 'ਤੇ ਲਗਾਤਾਰ ਵਾਪਰ ਰਹੀਆਂ ਲੁੱਟ ਦੀਆਂ ਵਾਰਦਾਤਾਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਗੰਭੀਰ ਨਹੀਂ ਹੈ। ਪੁਲਿਸ ਨਾ ਸਮੇਂ 'ਤੇ ਬਣਦੀ ਕਾਰਵਾਈ ਕਰਦੀ ਹੈ ਤੇ ਨਾ ਹੀ ਸੁਰੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। ਡੀਲਰਾਂ ਮੁਤਾਬਕ ਪੈਟਰੋਲ ਪੰਪਾਂ 'ਤੇ ਲੁੱਟ ਦੀਆਂ ਵਾਰਦਾਤਾਂ ਲਗਾਤਾਰ ਵਾਪਰ ਰਹੀਆਂ ਹਨ। ਪਰ ਅਦਿਹੀ ਵਾਰਦਾਤ ਵਾਪਰਨ ਤੋਂ ਬਾਅਦ ਪੁਲਿਸ ਲੁੱਟ ਖੋਹ ਦਾ ਮਾਮਲਾ ਦਰਜ ਕਰਨ ਦੀ ਥਾਂ ਚੋਰੀ ਦੇ ਕੇਸ ਦਰਜ ਕਰ ਖਾਨਾਪੂਰਤੀ ਕਰ ਰਹੀ ਹੈ। ਪੁਲਿਸ ਪ੍ਰਸ਼ਾਸਨ ਨੂੰ ਵਾਰ ਵਾਰ ਕਹਿਣ 'ਤੇ ਵੀ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਕਦਮ ਨਹੀਂ ਚੁੱਕੇ ਜਾ ਰਹੇ। ਮੰਗ ਕੀਤੀ ਗਈ ਹੈ ਕਿ ਤੁਰੰਤ ਇਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਤੇ ਮੁਲਜ਼ਮਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਅਜਿਹਾ ਨਾ ਕੀਤੇ ਜਾਣ 'ਤੇ ਸੰਘਰਸ਼ ਤੇਜ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਹੈ।