ਮੋਹਾਲੀ: ਪੰਜਾਬ ਪੁਲਿਸ ਦੇ ਦੋ ਥਾਣੇਦਾਰ ਰਿਸ਼ਵਤਖੋਰੀ ਦੇ ਇਲਜ਼ਾਮਾਂ 'ਚ ਫੜੇ ਗਏ ਹਨ। ਮੋਹਾਲੀ ਵਿਜ਼ੀਲੈਂਸ ਨੇ ਜਿਲ੍ਹੇ ਦੇ ਦੋ ਵੱਖ ਵੱਖ ਥਾਣਿਆਂ 'ਚ ਤਾਇਨਾਤ 2 ਅਸਿਸਟੈਂਟ ਸਬ ਇੰਸਪੈਕਟਰਾਂ ਨੂੰ 40 ਹਜ਼ਾਰ ਤੇ 5 ਹਜ਼ਾਰ ਰੁਪਿਆ ਸਣੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਦੇ ਅੜਿੱਕੇ ਆਏ ਇਹ ਏਐਸਆਈ ਕੇਸ 'ਚ ਨਾਮਜਦ ਵਿਅਕਤੀਆਂ ਨੂੰ ਬਿਨਾਂ ਪ੍ਰੇਸ਼ਾਨੀ ਸ਼ਾਮਲ ਤਫਤੀਸ਼ ਕਰਨ ਦੀ ਏਵਜ਼ 'ਚ ਮੋਟੀ ਰਕਮ ਮੰਗ ਰਹੇ ਸਨ। ਜਿਸ ਦਾ ਕੁੱਝ ਹਿੱਸਾ ਇਹਨਾਂ ਤੋਂ ਬਰਾਮਦ ਕੀਤਾ ਗਿਆ ਹੈ। ਪੁਲਿਸ ਅੱਜ ਇਹਨਾਂ ਨੂੰ ਮੋਹਾਲੀ ਅਦਾਲਤ 'ਚ ਪੇਸ਼ ਕਰੇਗੀ।
ਜਾਣਕਾਰੀ ਮੁਤਾਬਕ ਪਹਿਲਾ ਮਾਮਲਾ ਮੋਹਾਲੀ ਦੇ ਨਵਾਂਗਰਾਓਂ ਥਾਣੇ ਦਾ ਹੈ। ਇੱਥੇ ਤਾਇਨਾਤ ਏਐਸਆਈ ਰਕੇਸ਼ ਕੁਮਾਰ 2015 'ਚ ਦਰਜ ਇੱਕ 420 ਦੇ ਮਾਮਲੇ ਦੇ ਮੁਲਜ਼ਮ ਸੁਰਿੰਦਰ ਸਿੰਘ ਨੂੰ ਇਨਵੈਸਟੀਗੇਸ਼ਨ 'ਚ ਸ਼ਾਮਲ ਕਰਨ ਲਈ 10 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਸੀ। ਇਸ ਰਿਸ਼ਵਤ ਬਦਲੇ ਉਸ ਨਾਲ ਤਫਤੀਸ਼ ਦੌਰਾਨ ਨਰਮੀ ਦਾ ਵਤੀਰਾ ਅਪਣਾਏ ਜਾਣ ਦੀ ਸ਼ਰਤ ਰੱਖੀ ਗਈ ਸੀ। ਕੱਲ੍ਹ ਸੁਰਿੰਦਰ ਨੇ ਇਹ ਮਾਮਲਾ ਵਿਜੀਲੈਂਸ ਦੇ ਧਿਆਨ 'ਚ ਲਿਆਂਦਾ। ਜਿਸ ਤੋਂ ਬਾਅਦ ਸੁਰਿੰਦਰ ਨੇ ਏਐਸਆਈ ਰਕੇਸ਼ ਨੂੰ 5000 ਰੁਪਏ ਦਿੱਤੇ। ਇਸ 'ਤੇ ਕਾਰਵਾਈ ਦੌਰਾਨ ਵਿਜੀਲੈਂਸ ਨੇ ਖਾਸ ਨੋਟਾਂ ਸਮੇਤ ਪੰਜਾਬ ਪੁਲਿਸ ਦੇ ਇਸ ਸਹਾਇਕ ਥਾਣੇਦਾਰ ਨੂੰ ਕਾਬੂ ਕਰ ਲਿਆ।
ਦੂਸਰੇ ਮਾਮਲੇ 'ਚ ਵਿਜੀਲੈਂਸ ਦੇ ਹੱਥੇ ਚੜਿਆ ਹੈ ਜ਼ੀਰਕਪੁਰ ਥਾਣੇ 'ਚ ਤਾਇਨਾਤ ਅਸਿਸਟੈਂਟ ਸਬ ਇੰਸਪੈਕਟਰ ਅਨੂਪ ਸਿੰਘ। ਜਨਾਬ ਨੇ 420 ਦੇ ਮੁਕੱਦਮੇ 'ਚ ਨਾਮਜ਼ਦ ਇੱਕ ਐਨਆਰਆਈ ਔਰਤ ਪਰਮਜੀਤ ਕੌਰ ਨੂੰ ਇਨਵੈਸਟੀਗੇਸ਼ਨ ਜੁਆਇਨ ਕਰਵਾਉਣ ਲਈ ਇੱਕ ਲੱਖ ਰੁਪਏ ਰਿਸ਼ਵਤ ਦੀ ਮੰਗ ਕਰ ਦਿੱਤੀ। ਫਿਲਹਾਲ ਪੀੜਤ ਔਰਤ ਨੇ 40 ਹਜ਼ਾਰ ਦੀ ਪਹਿਲੀ ਕਿਸ਼ਤ ਲੈ ਕੇ ਕੰਮ ਕਰਵਾਉਣ ਲਈ ਮਨਾ ਲਿਆ ਸੀ। ਪਰ ਇਸੇ ਦੌਰਾਨ ਪਰਮਜੀਤ ਨੇ ਇਸ ਮਾਮਲੇ ਦੀ ਜਾਣਕਾਰੀ ਵਿਜੀਲੈਂਸ ਟੀਮ ਨੂੰ ਵੀ ਦੇ ਦਿੱਤੀ। ਇਸ 'ਤੇ ਮੋਹਾਲੀ ਵਿਜੀਲੈਂਸ ਦੇ ਇੰਸਪੈਕਟਰ ਸੁਖਵੰਤ ਸਿੰਘ ਸਿੱਧੂ ਦੀ ਅਗਵਾਈ 'ਚ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਦੇ ਇਸ ਹੋਣਹਾਰ ਥਾਣੇਦਾਰ ਨੂੰ 40 ਹਜਾਰ ਦੀ ਰਿਸ਼ਵਤ ਸਮੇਤ ਗ੍ਰਿਫਤਾਰ ਕਰ ਲਿਆ।
ਫਿਲਹਾਲ ਦੋਵੇਂ ਸਹਾਇਕ ਥਾਣੇਦਾਰ ਵਿਜੀਲੈਂਸ ਦੀ ਹਿਰਾਸਤ 'ਚ ਹਨ। ਅੱਜ ਦੋਨਾਂ ਨੂੰ ਮੋਹਾਲੀ ਅਦਾਲਤ ਪੇਸ਼ ਕਰ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਵਿਜੀਲੈਂਸ ਇਹਨਾਂ ਰਿਸ਼ਵਤਖੋਰ ਪੁਲਿਸ ਵਾਲਿਆਂ ਤੋਂ ਹੋਰ ਵੀ ਪੁੱਛਗਿੱਛ ਕਰ ਇਹਨਾਂ ਦੇ ਪੋਤੜੇ ਫਰੋਲਣ ਦੀ ਕੋਸ਼ਿਸ਼ ਕਰੇਗੀ।