ਚੰਡੀਗੜ੍ਹ: ਇੰਟਰਨੈਸ਼ਨਲ ਹਵਾਈ ਅੱਡੇ ਤੋਂ ਆਖਰ ਅੰਤਰਰਾਸ਼ਟਰੀ ਉਡਾਣ ਕਦੋਂ ਸ਼ੁਰੂ ਹੋਵੇਗੀ। ਇਸ ਮਾਮਲੇ 'ਤੇ ਅੱਜ ਪੰਜਾਬ ਐਂਡ ਹਰਿਆਣਾ ਹਾਈਕੋਰਟ 'ਚ ਸੁਣਵਾਈ ਹੋਣੀ ਸੀ। ਪਰ ਵਕੀਲਾਂ ਦੀ ਹੜਤਾਲ ਦੇ ਚੱਲਦੇ ਸੁਣਵਾਈ ਟਲ ਗਈ ਹੈ। ਇਸ ਤੋਂ ਪਹਿਲਾਂ ਹੋਈ ਸੁਣਵਾਈ ਦੌਰਾਨ ਕੇਂਦਰੀ ਹਵਾਬਾਜ਼ੀ ਮੰਤਰਾਲੇ ਤੇ ਏਅਰਪੋਰਟ ਅਥਾਰਿਟੀ ਆਫ ਇੰਡੀਆ ਨੇ ਅਦਾਲਤ 'ਚ ਕਿਹਾ ਸੀ ਕਿ ਕਸਟਮ ਨੂੰ ਲੈ ਕੇ ਸਾਰੀ ਕਾਰਵਾਈਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਸ ਦੇ ਨਾਲ ਹੀ ਇੰਡੀਗੋ ਏਅਰਲਾਈਨ ਦੀ ਕਸਟਮ ਡਿਊਟੀ ਕਲੀਅਰ ਕਰਨ ਦੇ ਮਾਮਲੇ ਤੇ 10 ਜੂਨ ਤੱਕ ਸਾਰੀ ਕਾਰਵਾਈ ਪੂਰੀ ਕਰਨ ਦਾ ਦਾਅਵਾ ਕੀਤਾ ਗਿਆ ਸੀ।     ਪਿਛਲੀ ਸੁਣਵਾਈ ਦੌਰਾਨ ਹਾਈਕੋਰਟ ਨੇ ਇੰਡੀਗੋ ਏਅਰਲਾਈਨ ਨੂੰ ਕਿਹਾ ਸੀ ਕਿ ਉਹ ਸਰਕਾਰ ਦੇ ਨੋਟੀਫਿਕੇਸ਼ਨ ਤੋਂ ਬਾਅਦ 3 ਹਫਤਿਆਂ 'ਚ ਆਪਣਾ ਫਲਾਈਟ ਸ਼ਡਿਊਲ ਜਾਰੀ ਕਰੇ। ਇਸ ਦੇ ਨਾਲ ਹੀ ਏਅਰ ਇੰਡੀਆ ਨੇ ਕਿਹਾ ਸੀ ਕਿ ਉਹ ਚੰਡੀਗੜ੍ਹ ਤੋਂ ਸ਼ਾਰਜਾਹ ਤੇ ਦੁਬਈ ਲਈ ਫਲਾਈਟ ਸ਼ੁਰੂ ਕਰ ਦੇਣਗੇ। ਪਰ ਅੱਜ ਹੜਤਾਲ ਦੇ ਚੱਲਦੇ ਮਾਮਲੇ 'ਤੇ ਸੁਣਵਾਈ ਨਹੀਂ ਹੋ ਸਕੀ।