ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਚੰਡੀਗੜ੍ਹ ਵਿਖੇ ਸਰਕਾਰੀ ਰਿਹਾਇਸ਼ ਸਾਹਮਣੇ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਅਜੈਬ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸ ਨੂੰ ਚੰਡੀਗੜ੍ਹ ਦੇ ਪੀਜੀਆਈ 'ਚ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਅਜੈਬ ਸਿੰਘ ਨੇ ਕੱਲ੍ਹ ਸ਼ਾਮ ਮੁੱਖ ਮੰਤਰੀ ਬਾਦਲ ਦੀ ਕੋਠੀ ਸਾਹਮਣੇ ਜ਼ਹਿਰ ਨਿਗਲ ਲਿਆ ਸੀ।

 

 

 

ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲਾ 48 ਸਾਲਾ ਅਜੈਬ ਸਿੰਘ ਮੁਹਾਲੀ ਨੇੜੇ ਪੈਂਦੇ ਕਸਬਾ ਬਨੂੜ ਦੇ ਪਿੰਡ ਬੱਸੀ ਬੰਦਾ ਦਾ ਰਹਿਣ ਵਾਲਾ ਹੈ। ਸ਼ੁੱਕਰਵਾਰ ਸ਼ਾਮ ਅਜੈਬ ਸਿੰਘ  ਸੈਕਟਰ-3 ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਰਿਹਾਇਸ਼ ਸਾਹਮਣੇ ਪਹੁੰਚਿਆਂ। ਕਿਸੇ ਮਾਮਲੇ 'ਚ ਇਨਸਾਫ ਨਾ ਮਿਲਣ ਕਾਰਨ ਪ੍ਰੇਸ਼ਾਨ ਹੋਣ ਦੀ ਗੱਲ ਕਹਿੰਦਿਆਂ ਉਸ ਨੇ ਸਲਫਾਸ਼ ਦੀਆਂ ਗੋਲੀਆਂ ਨਿਗਲ ਲਈਆਂ। ਕੁੱਝ ਮਿੰਟਾਂ 'ਚ ਹੀ ਉਸ ਦੀ ਹਾਲਤ ਵਿਗੜਨ ਲੱਗੀ। ਤੁਰੰਤ ਚੰਡੀਗੜ੍ਹ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਉਸ ਨੂੰ ਪਹਿਲਾਂ ਸੈਕਟਰ 16 ਦੇ ਹਸਪਤਾਲ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਉਸ ਦੀ ਵਿਗੜਦੀ ਹਾਲਤ ਨੂੰ ਦੇਖਦਿਆਂ ਚੰਡੀਗੜ੍ਹ ਪੀਜੀਆਈ ਲਈ ਰੈਫਰ ਕਰ ਦਿੱਤਾ।

 

 

 

ਅਜੈਬ ਸਿੰਘ ਨੂੰ ਇਸ ਵੇਲੇ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਪੁਲਿਸ ਮੁਤਾਬਕ ਉਹ ਲਗਾਤਾਰ ਪੀਜੀਆਈ ਦੇ ਡਾਕਟਰਾਂ ਨਾਲ ਸੰਪਰਕ 'ਚ ਹਨ। ਉਸ ਦੀ ਹਾਲਤ ਅਜੇ ਗੰਭੀਰ ਬਣੀ ਹੋਈ ਹੈ।