ਮੀਂਹ ਨੇ ਨਿਗਲੇ ਇੱਕੋ ਪਰਿਵਾਰ ਦੇ 2 ਮਾਸੂਮ
ਏਬੀਪੀ ਸਾਂਝਾ | 10 Jul 2016 05:09 AM (IST)
ਫਰੀਦਕੋਟ: ਇੱਕੋ ਪਰਿਵਾਰ ਦੇ ਦੋ ਮਾਸੂਮਾਂ ਦੀ ਮੀਂਹ ਦੇ ਪਾਣੀ 'ਚ ਡੁੱਬਣ ਕਾਰਨ ਮੌਤ ਹੋ ਗਈ ਹੈ। ਹਾਦਸਾ ਸੜਕ ਕਿਨਾਰੇ ਬਣੇ ਇੱਕ ਟੋਏ 'ਚ ਮੀਂਹ ਦਾ ਪਾਣੀ ਭਰਨ ਕਾਰਨ ਵਾਪਰਿਆ। ਮ੍ਰਿਤਕ ਭੈਣ-ਭਰਾ ਦੀ ਉਮਰ 6 ਤੇ 7 ਸਾਲ ਦੱਸੀ ਜਾ ਰਹੀ ਹੈ। ਇਸ ਦਰਦਨਾਕ ਹਾਦਸੇ ਤੋਂ ਬਾਅਦ ਜਾਗੇ ਪ੍ਰਸ਼ਾਸਨ ਨੇ ਸੜਕਾਂ ਕਿਨਾਰੇ ਪੁੱਟੇ ਟੋਇਆਂ 'ਚ ਮਿੱਟੀ ਪਵਾਉਣ ਦੀ ਗੱਲ ਕਹੀ ਹੈ। ਜਾਣਕਾਰੀ ਮੁਤਾਬਕ ਜਿਲੇ ਦੇ ਪਿੰਡ ਸਿੱਖਾਂਵਾਲਾ ਦਾ ਗੁਰਮੇਲ ਸਿੰਘ ਆਪਣੇ ਪਰਿਵਾਰ ਸਮੇਤ ਪਿੰਡ ਟਹਿਣਾ ਨੇੜੇ ਤਲਵੰਡੀ ਰੋਡ ‘ਤੇ ਇੱਕ ਖੇਤ 'ਚ ਝੋਨਾ ਲਗਾ ਰਿਹਾ ਸੀ। ਉਸ ਦਾ 7 ਸਾਲਾ ਬੇਟਾ ਰਮਨਦੀਪ ਸਿੰਘ ਤੇ 6 ਸਾਲਾ ਧੀ ਗਗਨਦੀਪ ਕੌਰ ਨੇੜੇ ਹੀ ਖੇਡ ਰਹੇ ਸਨ। ਇੱਥੇ ਸੜਕ ਨਿਰਮਾਣ ਦਾ ਕੰਮ ਚੱਲ ਰਿਹਾ ਹੈ। ਸੜਕ ਦੇ ਕੰਢੇ ਵੱਡਾ ਤੇ ਡੂੰਘਾ ਟੋਇਆ ਪੁੱਟਿਆ ਹੋਇਆ ਸੀ। ਕੱਲ੍ਹ ਪਏ ਭਾਰੀ ਮੀਂਹ ਕਾਰਨ ਟੋਏ ਅਤੇ ਇਸ ਦੇ ਪਾਸ ਪਾਣੀ ਭਰ ਗਿਆ। ਅਜਿਹੇ 'ਚ ਟੋਆ ਨਜ਼ਰ ਨਾ ਆਉਣ 'ਤੇ ਦੋਵੇਂ ਬੱਚੇ ਖੇਡਦੇ ਹੋਏ ਇਸ ਟੋਏ ਚਜਾ ਡਿੱਗੇ ਤੇ ਡੁੱਬਣ ਕਾਰਨ ਦੋਨਾਂ ਦੀ ਸਮੌਤ ਹੋ ਗਈ। ਇਸ ਦਰਦਨਾਕ ਹਾਦਸੇ ਦਾ ਪਤਾ ਲੱਗਦਿਆਂ ਹੀ ਮੌਕੇ 'ਤੇ ਪਹੁੰਚੇ ਲੋਕਾਂ ਨੇ ਬੱਚਿਆਂ ਨੂੰ ਬਾਹਰ ਕੱਢਿਆ ਤੇ ਫ਼ਰੀਦਕੋਟ ਹਸਪਤਾਲ ਪਹੁੰਚਾਇਆ। ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ। ਡਾਕਟਰਾਂ ਨੇ ਦੋਨਾਂ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਇਸ ਹਾਦਸੇ ਸਬੰਧੀ ਧਾਰਾ 174 ਤਹਿਤ ਕਾਰਵਾਈ ਕੀਤੀ ਹੈ। ਇਸ ਦਰਦਨਾਕ ਹਾਦਸੇ ਤੋਂ ਬਾਅਦ ਜਾਗੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਮਲਵਿੰਦਰ ਸਿੰਘ ਜੱਗੀ ਮੁਤਾਬਕ ਪ੍ਰਸ਼ਾਸਨ ਇਸ ਤੋਂ ਸਬਕ ਲੈਂਦਿਆਂ ਅਜਿਹੇ ਖੱਡਿਆਂ ਬਾਰੇ ਪਤਾ ਕਰ ਜਲਦੀ ਬੰਦ ਕਰਵਾਏਗਾ।