ਅੰਮ੍ਰਿਤਸਰ: ਭਾਰਤ -ਪਾਕਿ ਸਰਹੱਦ 'ਤੇ ਵਧੇ ਤਣਾਅ ਤੋਂ ਬਾਅਦ ਦੋਨਾਂ ਦੇਸ਼ਾਂ 'ਚ ਹੋਣ ਵਾਲੀ ਬੀਟਿੰਗ ਦਾ ਰੀਟ੍ਰੀਟ ਸੈਰੇਮਨੀ ਬੰਦ ਕਰ ਦਿੱਤੀ ਗਈ ਸੀ। ਵਾਹਗਾ ਸਰਹੱਦ ਨੇੜੇ ਲੋਕਾਂ ਦੇ ਜਾਣ 'ਤੇ ਰੋਕ ਲੱਗੀ ਹੋਈ ਸੀ। ਪਰ ਸਰਹੱਦ ’ਤੇ ਤਣਾਅ ਘੱਟ ਹੋਣ ਤੋਂ ਬਾਅਦ ਕੱਲ੍ਹ ਫਿਰ ਤੋਂ ਰੀਟ੍ਰੀਟ ਸੈਰੇਮਨੀ ਕੀਤੀ ਗਈ। ਇਸ ਦੌਰਾਨ ਲੋਕਾਂ ਨੂੰ ਵੀ ਇੱਥੇ ਜਾਣ ਦੀ ਆਗਿਆ ਦਿੱਤੀ ਗਈ। ਪਰ ਜਦੋਂ ਇਹ ਰਸਮ ਸ਼ੁਰੂ ਹੋਣ ਵਾਲੀ ਸੀ ਤਾਂ ਪਾਕਿਸਤਾਨ ਵਾਲੇ ਪਾਸਿਉਂ ਕਿਸੇ ਵਿਅਕਤੀ ਨੇ ਭਾਰਤ ਵੱਲ੍ਹ ਪੱਥਰ ਸੁੱਟ ਦਿੱਤਾ। ਇਸ ਦੌਰਾਨ ਪਾਕਿਸਤਾਨੀ ਦਰਸ਼ਕਾਂ ਨੇ ਭਾਰਤ ਵਿਰੋਧੀ ਨਾਅਰੇ ਵੀ ਲਾਏ।
ਪਾਕਿਸਤਾਨ ਵਾਲੇ ਪਾਸਿਓਂ ‘ਕਸ਼ਮੀਰ ਬਣੇਗਾ ਪਾਕਿਸਤਾਨ’ ਦੇ ਨਾਅਰੇ ਲਗਾਏ ਗਏ। ਇਸ ਘਟਨਾ ਦੀ ਪੁਸ਼ਟੀ ਬੀਐਸਐਫ ਦੇ ਉੱਚ ਪੱਧਰੀ ਅਧਿਕਾਰੀ ਵੱਲੋਂ ਕੀਤੀ ਗਈ ਹੈ, ਜਿਨ੍ਹਾਂ ਦੱਸਿਆ ਕਿ ਇਸ ਘਟਨਾ ਤੋਂ ਤੁਰੰਤ ਬਾਅਦ ਡਿਪਟੀ ਕਮਾਡੈਂਟ ਪੱਧਰ ਦੇ ਅਧਿਕਾਰੀ ਦੀ ਫਲੈਗ ਮੀਟਿੰਗ ਵਿੱਚ ਇਸ ਘਟਨਾ ਦੀ ਸ਼ਿਕਾਇਤ ਕੀਤੀ ਹੈ ਅਤੇ ਸਖ਼ਤ ਕਾਰਵਾਈ ਲਈ ਆਖਿਆ ਹੈ। ਇਸ ਦੇ ਜਵਾਬ ਵਿੱਚ ਪਾਕਿ ਰੇਂਜਰ ਦੇ ਅਧਿਕਾਰੀ ਨੇ ਵੀ ਪੱਥਰ ਮਾਰਨ ਵਾਲੇ ਵਿਅਕਤੀ ਦੀ ਸ਼ਨਾਖਤ ਕਰ ਕੇ ਉਸ ਖ਼ਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਸਰਹੱਦ 'ਤੇ ਰੀਟ੍ਰੀਟ ਸੈਰੇਮਨੀ ਦੌਰਾਨ ਅਜਿਹੀ ਘਟਨਾ ਵਾਪਰੀ ਹੋਵੇ। ਇਸ ਤੋਂ ਪਹਿਲਾ ਫਿਰੋਜਪੁਰ 'ਚ ਹੁਸੈਨੀਵਾਲਾ ਸਰਹੱਦ 'ਤੇ ਪਰੇਡ ਕਰਦੇ ਸਮੇਂ ਬੀਐਸਐਫ ਜਵਾਨ ਤੇ ਪਾਕਿ ਰੇਂਜਰ 'ਚ ਧੱਕਾਮੁੱਕੀ ਤੱਕ ਹੋ ਗਈ ਸੀ। ਇਸ ਦੌਰਾਨ ਤਣਾਅ ਇੰਨਾ ਵਧਿਆ ਸੀ ਕਿ ਦੋਨੇ ਪਾਸੇ ਦੇ ਜਵਾਨਾਂ ਨੇ ਰਾਈਫਲਾਂ ਤਾਣ ਲਈਆਂ ਸਨ। ਪਰ ਤੁਰੰਤ ਉੱਚ ਅਧਿਕਾਰੀਆਂ ਦੇ ਦਖਲ ਨਾਲ ਮਾਮਲਾ ਸ਼ਾਂਤ ਕੀਤਾ ਗਿਆ ਸੀ।