ਜਲੰਧਰ: ਕਾਂਗਰਸ ਨੇ ਇਲਜ਼ਾਮ ਲਾਇਆ ਹੈ ਬਾਦਲ ਸਰਕਾਰ ਅਨਾਜ ਘੁਟਾਲੇ 'ਤੇ ਪਰਦਾ ਪਾਉਣ ਲਈ 29000 ਕਰੋੜ ਰੁਪਏ ਨੂੰ ਕਰਜ਼ੇ ਵਿੱਚ ਤਬਦੀਲ ਕਰਵਾਉਣਾ ਚਾਹੁੰਦੀ ਹੈ। ਕਾਂਗਰਸ ਦੇ ਸੀਨੀਅਰ ਲੀਡਰ ਸੁਨੀਲ ਜਾਖੜ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਰਿਜ਼ਰਵ ਬੈਂਕ ਦੇ ਗਵਰਨਰ ਤੋਂ ਮੰਗ ਕੀਤੀ ਹੈ ਕਿ ਇਸ ਰਕਮ ਨੂੰ ਲੋਨ ਬਣਾ ਦਿੱਤਾ ਜਾਵੇ।
ਜਾਖੜ ਨੇ ਕਿਹਾ ਕਿ ਅਨਾਜ ਘੁਟਾਲੇ ਦਾ 28000 ਕਰੋੜ ਹੁਣ 29000 ਕਰੋੜ ਰੁਪਏ ਹੋ ਗਿਆ ਹੈ। ਹੁਣ ਪੰਜਾਬ ਸਰਕਾਰ ਰਿਜ਼ਰਵ ਬੈਂਕ ਤੋਂ ਇਸ ਰਕਮ ਨੂੰ ਕਰਜ਼ ਬਣਵਾ ਕੇ ਕਰੋੜਾਂ ਰੁਪਏ ਹੜੱਪਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਘੁਟਾਲਾ ਕਰਕੇ ਪੈਸਾ ਅਕਾਲੀ-ਭਾਜਪਾ ਖਾਂਦੇ ਹਨ ਤੇ ਇਸ ਦਾ ਵਿਆਜ ਪੰਜਾਬ ਦੇ ਲੋਕਾਂ ਨੂੰ ਭਰਨਾ ਪੈਂਦਾ ਹੈ।
ਜਾਖੜ ਜਲੰਧਰ ਵਿੱਚ ਵੀ ਉਹ ਮੋਟਰਸਾਈਕਲ ਲੈ ਕੇ ਆਏ, ਜਿਸ ਨੂੰ ਟਰੱਕ ਦਾ ਨੰਬਰ ਦੱਸ ਕੇ ਬਾਦਲ ਸਰਕਾਰ ਨੇ ਅਨਾਜ ਸਪਲਾਈ ਕਰਵਾਇਆ ਸੀ। ਜਾਖੜ ਨੇ ਕਿਹਾ ਕਿ ਉਨ੍ਹਾਂ ਨੇ ਇਹ ਮੋਟਰਸਾਈਕਲ ਖਰੀਦ ਲਿਆ ਹੈ। ਹੁਣ ਉਹ ਹਰ ਥਾਂ ਇਸ ਮੋਟਰਸਾਈਕਲ ਨੂੰ ਲੈ ਕੇ ਜਾਣਗੇ ਤੇ ਸਰਕਾਰ ਖਿਲਾਫ ਪ੍ਰਚਾਰ ਕਰਨਗੇ।