ਚੰਡੀਗੜ੍ਹ: 'ਆਮ ਆਦਮੀ ਪਾਰਟੀ ਨੌਟੰਕੀਬਾਜ਼ਾਂ ਦੀ ਪਾਰਟੀ ਹੈ। ਇਨ੍ਹਾਂ ਨੂੰ ਦੇਸ਼ ਤੇ ਸਿਆਸਤ ਬਾਰੇ ਕੁਝ ਪਤਾ ਨਹੀਂ। ਇਸੇ ਲਈ 'ਆਪ' ਕਨਵੀਨਰ ਗੁਰਪ੍ਰੀਤ ਘੁੱਗੀ ਵਰਗੇ ਲੀਡਰ ਸਰਹੱਦ 'ਤੇ ਫੌਜ ਲਾਉਣ ਬਾਰੇ ਬੇਤੁਕੇ ਬਿਆਨ ਦੇ ਰਹੇ ਹਨ।" ਇਹ ਗੱਲ ਬੀਜੇਪੀ ਦੇ ਪ੍ਰਧਾਨ ਵਿਜੇ ਸਾਂਪਲਾ ਨੇ 'ਏਬੀਪੀ ਸਾਂਝਾ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਹੀ। ਦੱਸਣਯੋਗ ਹੈ ਕਿ ਘੁੱਗੀ ਨੇ ਕਿਹਾ ਸੀ ਕਿ ਗੁਜਰਾਤ ਤੇ ਰਾਜਸਥਾਨ ਦੇ ਮੁਕਾਬਲੇ ਪੰਜਾਬ ਦੇ ਬਾਰਡਰ 'ਤੇ ਹਿਲਜੁਲ ਕਿਉਂ ਦਿਖਾਈ ਦੇ ਰਹੀ ਹੈ।
ਜੰਗ ਦੇ ਮਾਹੌਲ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਸੀਂ ਜੰਗ ਨਹੀਂ ਚਾਹੁੰਦੇ ਪਰ ਪਾਕਿਸਤਾਨ ਦਾ ਜਵਾਬ ਦੇਣਾ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਜੰਗ ਹੋਣਾ ਕਦੇ ਵੀ ਚੰਗੀ ਗੱਲ ਨਹੀਂ ਪਰ ਲੋਕ ਪਾਕਿਸਤਾਨ ਦੀਆਂ ਹਰਕਤਾਂ ਤੋਂ ਬੇਹੱਦ ਦੁਖੀ ਹਨ। ਉਨ੍ਹਾਂ ਕਿਹਾ ਕਿ ਮੈਂ ਸਰਹੱਦ ਦੇ ਲੋਕਾਂ ਦੇ ਦੁੱਖ ਤੋਂ ਜਾਣੂ ਹਾਂ ਪਰ ਲੋਕਾਂ ਵੱਲੋਂ ਮੋਦੀ ਸਰਕਾਰ ਦੇ ਐਕਸ਼ਨ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਬੀਜੇਪੀ ਦੇ ਕਾਰਕੁਨ ਸਰਹੱਦੀ ਲੋਕਾਂ ਦੀ ਲਗਾਤਾਰ ਮਦਦ ਕਰ ਰਹੇ ਹਨ ਤੇ ਪੰਜਾਬ ਸਰਕਾਰ ਦੀ ਮਦਦ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਹ ਵਿਸ਼ੇਸ਼ ਬੈਠਕ ਕਰਕੇ ਮੋਦੀ ਸਰਕਾਰ ਦੀ ਫੈਸਲੇ ਦੀ ਸਰਾਹਣਾ ਵੀ ਕੀਤੀ ਹੈ। ਸਾਂਪਲਾ ਨੇ ਕਿਹਾ ਕਿ ਜੇ ਪਾਕਿਸਤਾਨ ਨੇ ਹੁਣ ਕੋਈ ਗਲਤ ਹਰਕਤ ਕੀਤੀ ਤਾਂ ਭਾਰਤ ਵੱਲੋਂ ਫੇਰ ਮੋੜਵਾਂ ਜਵਾਬ ਦਿੱਤਾ ਜਾਵੇਗਾ।
ਸਾਂਪਲਾ ਨੇ ਕਿਹਾ ਕਿ ਪੰਜਾਬ ਚੋਣਾਂ ਲਈ ਬੀਜੇਪੀ ਤਿਆਰ ਹੈ ਤੇ ਅਕਾਲੀ-ਬੀਜੇਪੀ ਗੱਠਜੋੜ ਸੂਬੇ ਦੀਆਂ ਸਾਰੀਆਂ ਸੀਟਾਂ 'ਤੇ ਹੂੰਝਾ ਫੇਰ ਜਿੱਤ ਹਾਸਲ ਕਰੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਮੋਦੀ ਸਰਕਾਰ ਨੇ ਲੋਕਾਂ ਦੇ ਹਿੱਤ 'ਚ ਕੰਮ ਕੀਤਾ ਹੈ। ਇਸੇ ਦੇ ਅਧਾਰ 'ਤੇ ਹੀ ਅਗਲੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਪੰਜਾਬ 'ਚ ਅਕਾਲੀ-ਬੀਜੇਪੀ ਦਾ ਮੁਕਾਬਲਾ ਕਾਂਗਰਸ ਨਾਲ ਹੈ ਤੇ 'ਆਪ' ਇਸ ਮੁਕਾਬਲੇ 'ਚੋਂ ਬਾਹਰ ਹੈ।