ਚੰਡੀਗੜ੍ਹ: ਭਾਰਤ ਦੇ ਹਿੱਸੇ ਵਾਲੇ ਜੰਮੂ-ਕਸ਼ਮੀਰ ਦੇ ਉੜੀ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਬਾਰਡਰ 'ਤੇ ਤਣਾਅ ਬਣਿਆ ਹੋਇਆ ਹੈ। ਭਾਰਤ ਸਰਕਾਰ ਨੇ ਪੰਜਾਬ ਨਾਲ ਲੱਗਦੀ ਕੰਟਰੋਲ ਲਾਈਨ ਦੇ 10 ਕਿਲੋਮੀਟਰ ਤੱਕ ਦੇ ਪਿੰਡਾਂ ਨੂੰ ਖਾਲੀ ਕਰਨ ਦਾ ਹੁਕਮ ਦਿੱਤਾ ਹੈ। ਸਰਹੱਦੀ ਇਲਾਕਿਆਂ ਵਿੱਚੋਂ ਲੋਕਾਂ ਨੇ ਪਿੰਡ ਛੱਡ ਕੇ ਜਾਣਾ ਸ਼ੁਰੂ ਕਰ ਦਿੱਤਾ ਹੈ।ਪਰ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਈ ਪਿੰਡਾਂ ਦੇ ਕਿਸਾਨਾਂ ਵਿੱਚ ਡਰ ਤੇ ਗੁੱਸਾ ਵੀ ਹੈ। ਲੋਕਾਂ ਦੇ ਮਨਾਂ ਵਿੱਚ ਇੱਕ ਸਵਾਲ ਇਹ ਵੀ ਹੈ ਕਿ ਉਨ੍ਹਾਂ ਨੂੰ ਕਿੰਨੇ ਸਮੇਂ ਲਈ ਪਿੰਡ ਖਾਲੀ ਕਰਨੇ ਪੈ ਰਹੇ ਹਨ ਪਰ ਕੁਝ ਲੋਕ ਤਾਂ ਰਾਤ ਨੂੰ ਘਰ ਛੱਡ ਦਿੰਦੇ ਹਨ ਤੇ ਸਵੇਰੇ ਘਰ ਵਾਪਸ ਆ ਜਾਂਦੇ ਹਨ। ਕੌਮਾਂਤਰੀ ਸਰਹੱਦ ਨਾਲ ਲੱਗਦੇ ਪੰਜਾਬ ਦੇ ਪਿੰਡ ਗਿੱਲਪਨ ਦੇ ਰਹਿਣ ਵਾਲੇ ਸਲਵਿੰਦਰ ਸਿੰਘ ਨੇ ਕਿਹਾ,'ਸਰਕਾਰ ਨੇ ਪਿੰਡ ਖਾਲੀ ਕਰਵਾਉਣ ਲਈ ਤਾਂ ਕਹਿ ਦਿੱਤਾ, ਪਰ ਕੋਈ ਇੰਤਜ਼ਾਮ ਨਹੀਂ ਕੀਤਾ। ਅਸੀਂ ਆਪਣੇ ਜਾਨਵਰ ਕਿੱਥੇ ਲੈ ਕੇ ਜਾਈਏ।'

ਉਨ੍ਹਾਂ ਕਿਹਾ, 'ਅਸੀਂ 1971 ਦੀ ਜੰਗ ਵੇਖੀ ਹੈ। ਪਹਿਲਾਂ ਪਿੰਡਾਂ ਵਿੱਚ ਸੈਨਾ ਆਉਂਦੀ ਹੈ। ਪਿੰਡਾਂ ਦੀ ਘੇਰਾਬੰਦੀ ਹੁੰਦੀ ਹੈ ਪਰ ਇੱਥੇ ਤਾਂ ਅਜਿਹਾ ਮਾਹੌਲ ਨਹੀਂ ਹੈ। ਇਹ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ।' ਉੱਥੇ ਹੀ ਤਰਨ ਤਾਰਨ ਜ਼ਿਲ੍ਹੇ ਦੇ ਥਕੇਲਾ ਪਿੰਡ ਦੇ ਕਿਸਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖੇਤ ਸਰਹੱਦ ਦੇ ਨਾਲ ਲੱਗਦੇ ਹਨ। ਜਿੱਥੇ ਸਰਕਾਰ ਨੇ ਫੈਂਸਿੰਗ ਲਾਈ ਹੈ। ਕੁਝ ਕਿਸਾਨਾਂ ਦੇ ਖੇਤ ਉਸ ਫੈਂਸਿੰਗ ਤੋਂ ਬਾਹਰ ਵੀ ਹੈ। ਉੜੀ ਹਮਲੇ ਤੋਂ ਬਾਅਦ ਤੋਂ ਕਿਸਾਨ ਆਪਣੇ ਖੇਤਾਂ ਤੱਕ ਨਹੀਂ ਪਹੁੰਚ ਪਾ ਰਹੇ ਹਨ। ਹਮਲੇ ਤੋਂ ਪਹਿਲਾਂ ਫੈਂਸਿੰਗ ਦੇ ਗੇਟ ਖੋਲ੍ਹ ਦਿੱਤੇ ਜਾਂਦੇ ਸਨ ਜਿਸ ਨਾਲ ਕਿਸਾਨ ਖੇਤ 'ਤੇ ਜਾ ਕੇ ਸਿੰਜਾਈ ਕਰਦੇ ਸਨ।