ਲੁਧਿਆਣਾ: ਅੱਜ ਤੋਂ ਕੁੱਝ ਮਹੀਨੇ ਪਹਿਲਾਂ ਅਪ੍ਰੈਲ 2016 'ਚ ਦਿਨ ਦਿਹਾੜੇ ਇੱਕ ਆਟੋ ਚਾਲਕ ਵਿਕਰਾਂਤ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਮੁਲਜ਼ਮਾਂ ਖਿਲਾਫ ਕਾਰਵਾਈ ਲਈ ਪਰਿਵਾਰ ਨੇ ਸੰਘਰਸ਼ ਕੀਤਾ। ਆਖਰ ਪੁਲਿਸ ਨੇ ਕਤਲ ਦੇ ਇਲਜ਼ਾਮ 'ਚ ਗੈਂਗਸਟਰ ਗੋਰੂ ਬੱਚਾ ਨੂੰ ਗ੍ਰਿਫਤਾਰ ਵੀ ਕਰ ਲਿਆ। ਪ੍ਰਸ਼ਾਸਨ ਨੇ ਸਰਕਾਰ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ 5 ਲੱਖ ਦੇਣ ਦਾ ਵਾਅਦਾ ਕੀਤਾ। ਪਰ ਹੁਣ ਸਮਾਂ ਬੀਤਣ ਤੋਂ ਬਾਅਦ ਸਿਰਫ 50 ਹਜਾਰ ਰੁਪਏ ਦਾ ਚੈੱਕ ਜਾਰੀ ਕਰ ਦਿੱਤਾ ਗਿਆ। ਇਸ 'ਤੇ ਭੜਕੇ ਪਰਿਵਾਰ ਨੇ ਚੈੱਕ ਲੈਣ ਤੋਂ ਇਨਕਾਰ ਕਰ ਪ੍ਰਦਰਸ਼ਨ ਕੀਤਾ।
ਸਰਕਾਰ ਦੀ ਇਸ ਕਾਰਵਾਈ ਤੋਂ ਭੜਕੇ ਪਰਿਵਾਰ ਮੁਤਾਬਕ ਜੇਕਰ ਉਨ੍ਹਾਂ ਨੂੰ ਐਲਾਨੀ ਗਈ ਪੂਰੀ ਰਾਸ਼ੀ ਦਾ ਚੈੱਕ ਨਾ ਦਿੱਤਾ ਗਿਆ ਤਾਂ ਮਜਬੂਰਨ ਭੁੱਖ ਹੜਤਾਲ ਕਰ ਸੰਘਰਸ਼ ਦਾ ਰਾਹ ਅਖਤਿਆਰ ਕਰਨਗੇ। ਪੀੜਤ ਪਰਿਵਾਰ ਦਾ ਇਲਜ਼ਾਮ ਹੈ ਕਿ ਜਦ ਉਹ ਇਸ ਮਾਮਲੇ 'ਤੇ ਜਿਲ੍ਹੇ ਦੇ ਡੀਸੀ ਰਵੀ ਭਗਤ ਨੂੰ ਮਿਲਣ ਪਹੁੰਚੇ ਤਾਂ ਉਨ੍ਹਾਂ ਪੀੜਤ ਪਰਿਵਾਰ ਨਾਲ ਦੁਰਵਿਵਹਾਰ ਕੀਤਾ। ਹਾਲਾਂਕਿ ਡੀਸੀ ਮੁਤਾਬਕ ਉਨ੍ਹਾਂ ਮਾਮਲੇ 'ਤੇ ਬਣਦੀ ਕਾਰਵਾਈ ਸ਼ੁਰੂ ਕੀਤੀ ਹੈ। ਸਰਕਾਰ ਨੂੰ ਇਸ ਸਬੰਧੀ ਬਣਦੀ ਰਕਮ ਜਾਰੀ ਕਰਨ ਲਈ ਵੀ ਪੱਤਰ ਭੇਜਿਆ ਗਿਆ ਹੈ।