ਨਵੀਂ ਦਿੱਲੀ: ਪੰਜਾਬ ਚੋਣਾਂ 'ਚ ਜਿੱਤ ਦਾ ਫਾਰਮੂਲਾ ਵਿਦੇਸ਼ ਤੋਂ ਲਿਆਂਦਾ ਜਾਏਗਾ। ਅਜਿਹਾ ਇਸ ਲਈ ਕਿਉਂਕਿ 'ਆਪ' ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਆਪ ਪੰਜਾਬ 2017' ਏਜੰਡੇ ਤਹਿਤ ਅਗਲੇ ਮਹੀਨੇ ਤੋਂ ਯੂਰੋਪ ਚੋਣ ਪ੍ਰਚਾਰ ਮੁਹਿੰਮ ਸ਼ੁਰੂ ਕਰਨਗੇ। ਆਮ ਆਦਮੀ ਪਾਰਟੀ, ਬ੍ਰਿਟੇਨ ਨੇ ਕਿਹਾ ਕਿ ,ਸਤੰਬਰ ਦੇ ਪਹਿਲੇ ਹਫਤੇ 'ਚ ਕੇਜਰੀਵਾਲ ਹੋਰ ਪਾਰਟੀ ਲੀਡਰਾਂ ਕੁਮਾਰ ਵਿਸ਼ਵਾਸ, ਜਰਨੈਲ ਸਿੰਘ ਤੇ ਅਦਰਸ਼ ਸ਼ਾਸਤਰੀ ਸਮੇਤ ਇਟਲੀ ਜਾਣਗੇ।
'ਆਪ' ਬ੍ਰਿਟੇਨ ਦੇ ਬੁਲਾਰੇ ਨੇ ਕਿਹਾ, "ਨਾ ਸਿਰਫ ਨੌਜਵਾਨ ਸਗੋਂ ਬਜੁਰਗ ਵੀ ਪੰਜਾਬ 'ਚ ਬਦਲਾਅ ਦਾ ਹਿੱਸਾ ਬਣਨਾ ਚਾਹੁੰਦੇ ਹਨ ਤੇ ਭ੍ਰਿਸ਼ਟਾਚਾਰ ਅਤੇ ਨਸ਼ਾ ਮੁਕਤ ਪੰਜਾਬ ਦੇਖਣ ਲਈ ਉਤਾਵਲੇ ਹਨ। ਇਸ ਤੋਂ ਵੀ ਜਿਆਦਾ ਸਾਰੀਆਂ ਗੁਰਦੁਆਰਾ ਸੰਮਤੀਆਂ ਨੇ ਪੰਜਾਬ ਵਿਧਾਨ ਸਭਾ ਚੋਣਾਂ-2017 'ਚ 'ਆਪ' ਦਾ ਸਮਰਥਨ ਕਰਨ ਨੂੰ ਕਿਹਾ ਹੈ।" ਇਟਲੀ 'ਚ ਰਹਿਣ ਵਾਲੇ ਪੰਜਾਬੀ ਮੂਲ ਦੇ ਲੋਕਾਂ ਨਾਲ ਮੁਲਾਕਾਤ ਲਈ ਇਸ ਯਾਤਰਾ ਤੋਂ ਬਾਅਦ ਕੁਮਾਰ ਵਿਸ਼ਵਾਸ ਬ੍ਰਿਟੇਨ ਆਉਣਗੇ। ਇੱਥੇ ਸਤੰਬਰ ਦੇ ਅਖੀਰ 'ਚ ਉਹ ਵੱਖ ਵੱਖ ਗੁਰਦੁਆਰਿਆਂ 'ਚ ਲੋਕਾਂ ਨਾਲ ਮਿਲਣਗੇ।