ਗੁਰਦਾਸਪੁਰ: ਪਠਾਨਕੋਟ ਅੱਤਵਾਦੀ ਹਮਲੇ ਨੂੰ ਲੈ ਕੇ ਸੁਰਖੀਆਂ ਵਿੱਚ ਰਹੇ ਪੰਜਾਬ ਪੁਲਿਸ ਦੇ ਐਸ.ਪੀ. ਸਲਵਿੰਦਰ ਸਿੰਘ ਨੂੰ ਵੱਡਾ ਝਟਕਾ ਲੱਗਾ ਹੈ। ਗੁਰਦਾਸਪੁਰ ਅਦਾਲਤ ਨੇ ਜਬਰਜਨਾਹ ਤੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਉਸ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਸਲਵਿੰਦਰ ਖਿਲਾਫ ਗੁਰਦਾਸਪੁਰ ਪੁਲਿਸ ਨੇ ਬਲਾਤਕਾਰ ਤੇ ਰਿਸ਼ਵਤ ਲੈਣ ਦੇ ਗੰਭੀਰ ਇਲਜ਼ਾਮ ਤਹਿਤ ਕੇਸ ਦਰਜ ਕੀਤਾ ਹੈ। ਅਜਿਹੇ 'ਚ ਉਸ 'ਤੇ ਲਗਾਤਾਰ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ।

 

 

ਦਰਅਸਲ ਗੁਰਦਾਸਪੁਰ ਦੇ ਰਹਿਣ ਵਾਲੇ ਰਜਨੀਸ਼ ਕੁਮਾਰ ਖਿਲਾਫ ਧਾਰੀਵਾਲ ਪੁਲਿਸ ਥਾਣੇ ਵਿੱਚ 2 ਮਾਰਚ, 2014 ਨੂੰ 376, 506 ਤੇ 34 ਆਈਪੀਸੀ ਤਹਿਤ ਕੇਸ ਦਰਜ ਹੋਇਆ ਸੀ। ਇਸ ਕੇਸ ਦੀ ਜਾਂਚ ਐਸ.ਪੀ. ਸਲਵਿੰਦਰ ਕੋਲ ਆਈ ਸੀ। ਸਲਵਿੰਦਰ ਨੇ ਜਾਂਚ ਉਸ ਦੇ ਹੱਕ ਵਿੱਚ ਕਰਨ ਲਈ 50 ਹਜ਼ਾਰ ਰਿਸ਼ਵਤ ਲਈ ਸੀ। ਇਲਜ਼ਾਮ ਹਨ ਕਿ ਇਸੇ ਦੌਰਾਨ ਸਲਵਿੰਦਰ ਨੇ ਉਸ ਦੀ ਪਤਨੀ ਨਾਲ ਜਬਰਦਸਤੀ ਕੀਤੀ ਸੀ। ਇਸ ਦੀ ਸ਼ਿਕਾਇਤ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਸੀ। ਮਾਮਲੇ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਆਪਣੇ ਇਸ ਵਿਵਾਦਤ ਐਸਪੀ ਖਿਲਾਫ ਮਾਮਲਾ ਦਰਜ ਕੀਤਾ ਹੈ। ਹੁਣ ਪੁਲਿਸ ਸਲਵਿੰਦਰ ਦੀ ਗ੍ਰਿਫਤਾਰੀ ਦੀ ਤਿਆਰੀ ਕਰ ਰਹੀ ਹੈ।