ਡੇਰਾਬਸੀ: ਇੱਕ ਪੁੱਤ ਦੇ ਗੁਨਾਹ ਬਦਲੇ ਮਾਂ ਨੂੰ ਅਧਨੰਗੀ ਕਰ ਕੁੱਟਮਾਰ ਕੀਤੀ ਗਈ। ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਹ ਖਬਰ ਡੇਰਾਬਸੀ ਨੇੜਲੇ ਪਿੰਡ ਮੀਰਪੁਰ ਤੋਂ ਹੈ। ਪੀੜਤ ਔਰਤ ਦੇ ਪਤੀ ਤੇ ਬੇਟੇ ਨਾਲ ਵੀ ਮਾਰਕੁੱਟ ਕੀਤੀ ਗਈ। ਪੀੜਤ ਹਸਪਤਾਲ 'ਚ ਇਲਾਜ ਅਧੀਨ ਹਨ। ਦਰਅਸਲ ਪੀੜਤ ਔਰਤ ਦੇ ਪੁੱਤਰ 'ਤੇ ਇਲਜ਼ਾਮ ਹਨ ਕਿ ਉਹ ਪਿੰਡ ਦੀ ਇੱਕ ਨਬਾਲਗ ਕੁੜੀ ਨੂੰ ਭਜਾ ਕੇ ਲੈ ਗਿਆ ਹੈ। ਇਸ ਦੇ ਚੱਲਦੇ ਹੀ ਕੁੜੀ ਵਾਲਿਆਂ ਨੇ ਅਜਿਹਾ ਕੀਤਾ। ਪੁਲਿਸ ਨੇ ਮਾਮਲੇ 'ਚ 3 ਔਰਤਾਂ ਸਮੇਤ 7 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।

 

 

ਜਾਣਕਾਰੀ ਮੁਤਾਬਕ ਪੀੜਤ ਮਹਿਲਾ ਦੇ 2 ਬੇਟੇ ਹਨ। ਵੱਡਾ ਮੁੰਡਾ ਗਵਾਂਢ ਰਹਿੰਦੀ ਇੱਕ ਕੁੜੀ ਨੂੰ ਭਜਾ ਕੇ ਲੈ ਗਿਆ ਹੈ। ਉਹ ਇਸ ਘਟਨਾ ਤੋਂ ਬਾਅਦ ਲਗਾਤਾਰ ਆਪਣੇ ਮੁੰਡੇ ਦੀ ਭਾਲ ਕਰ ਰਹੇ ਹਨ। ਪਰ ਕੁੱਝ ਪਤਾ ਨਹੀਂ ਲੱਗ ਰਿਹਾ। ਕੱਲ੍ਹ ਉਹ ਆਪਣੇ ਪਤੀ ਤੇ ਨਿੱਕੇ ਮੁੰਡੇ ਸਮੇਤ ਪਿੰਡ ਵਾਪਸ ਆ ਰਹੇ ਸਨ। ਇਸੇ ਦੌਰਾਨ ਪਿੰਡ ਪਹੁੰਚਦਿਆਂ ਹੀ ਕੁੜੀ ਵਾਲਿਆਂ ਨੇ ਉਨ੍ਹਾਂ ਤਿੰਨਾਂ ਨੂੰ ਫੜ ਲਿਆ। ਕਰੀਬ 4-5 ਘੰਟੇ ਤੱਕ ਇਹਨਾਂ ਨੂੰ ਬੁਰੀ ਤਰਾਂ ਕੁੱਟਿਆ ਗਿਆ। ਇਹਨਾਂ ਨੂੰ ਮੁਹੱਲੇ 'ਚ ਘੁਮਾ ਕੇ ਬੇਇੱਜ਼ਤ ਵੀ ਕੀਤਾ ਗਿਆ।

 

 

ਇਲਜ਼ਾਮ ਹਨ ਕਿ ਇਸ ਪੂਰੀ ਘਟਨਾ ਨੂੰ ਅੰਜਾਮ ਦੇਣ ਵਾਲੇ ਹਮਲਾਵਰਾਂ 'ਚ 3 ਔਰਤਾਂ ਵੀ ਸ਼ਾਮਲ ਸਨ। ਉਨ੍ਹਾਂ ਨੇ ਮੁੰਡੇ ਦੀ ਮਾਂ ਦੇ ਕੱਪੜੇ ਤੱਕ ਪਾੜ ਕੇ ਅਧਨੰਗੀ ਕਰ ਦਿੱਤਾ। ਇਸੇ ਦੌਰਾਨ ਜਦ ਕਾਫੀ ਲੋਕਾਂ ਦੀ ਭੀੜ ਇਕੱਠੀ ਹੋਈ ਤਾਂ ਕਿਸੇ ਤਰਾਂ ਇਹਨਾਂ ਨੂੰ ਛੁਡਵਾਇਆ ਗਿਆ। ਲੋਕਾਂ ਦੇ ਇਕੱਠੇ ਹੋਣ 'ਤੇ ਹਮਲਾਵਰ ਮੌਕਾ ਤੋਂ ਫਰਾਰ ਹੋ ਗਏ।

 

 

ਤੁਰੰਤ ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ ਗਈ। ਪੁਲਿਸ ਨੇ 3 ਔਰਤਾਂ ਸਮੇਤ 7 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਕਿਸੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋਈ ਹੈ।