ਚੰਡੀਗੜ੍ਹ: ਦੇਸ਼ ਖਾਤਰ ਜਾਨ ਦੇਣ ਵਾਲੇ ਫੌਜੀ ਜਵਾਨਾਂ ਦੇ ਪਰਿਵਾਰਾਂ ਨੂੰ ਆਪਣੇ ਹੱਕ ਲਈ ਸਰਕਾਰਾਂ ਸਾਹਮਣੇ ਜੰਗ ਲੜਨੀ ਪੈ ਰਹੀ ਹੈ। ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਚੰਡੀਗੜ੍ਹ 'ਚ ਮੁੱਖ ਮੰਤਰੀ ਦੀ ਕੋਠੀ ਸਾਹਮਣੇ ਧਰਨਾ ਦਿੱਤਾ। ਇਨ੍ਹਾਂ ਦੀ ਮੰਗ ਹੈ ਕਿ ਸਰਕਾਰ ਵੱਲੋਂ ਇਨ੍ਹਾਂ ਨਾਲ ਕੀਤੇ ਗਏ ਵਾਅਦੇ ਪੂਰੇ ਕੀਤੇ ਜਾਣ।
ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਸਾਹਮਣੇ ਅੱਜ 1962, 1965 ਤੇ 1971 ਦੀ ਜੰਗ 'ਚ ਸ਼ਹੀਦ ਹੋਏ ਜਵਾਨਾਂ ਦੀਆਂ ਵਿਧਵਾਵਾਂ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਧਰਨਾ ਦਿੱਤਾ। ਮੁੱਖ ਮੰਤਰੀ ਦੀ ਕੋਠੀ ਬਾਹਰ ਪ੍ਰਦਰਸ਼ਨ ਕਰ ਰਹੇ ਇਨ੍ਹਾਂ ਪਰਿਵਾਰਾਂ ਦੀ ਮੰਗ ਹੈ ਕਿ ਸਰਕਾਰ ਆਪਣੇ ਕੀਤੇ ਵਾਅਦੇ ਮੁਤਾਬਕ ਮੁਆਵਜ਼ਾ ਦੇਵੇ। ਸ਼ਹੀਦਾਂ ਦੇ ਪਰਿਵਾਰਾਂ ਦੇ ਇਲਜ਼ਾਮ ਹਨ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਪਰਿਵਾਰਾਂ ਨੂੰ 10-10 ਕਿੱਲੇ ਜ਼ਮੀਨ ਦਿੱਤੀ ਜਾਵੇਗੀ ਪਰ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਨਾ ਤਾਂ ਜ਼ਮੀਨ ਦਿੱਤੀ ਗਈ ਤੇ ਨਾ ਹੀ ਕੋਈ ਮੁਆਵਜ਼ਾ ਹੀ ਦਿੱਤਾ ਗਿਆ।
ਸੀ.ਐਮ. ਦੇ ਘਰ ਮੁਹਰੇ ਬੈਠੇ ਇਨ੍ਹਾਂ ਪਰਿਵਾਰਾਂ ਨੂੰ ਨਾ ਤਾਂ ਸਰਕਾਰ ਦਾ ਕੋਈ ਨੁਮਾਇੰਦਾ ਮਿਲਣ ਆਇਆ ਤੇ ਨਾਂ ਹੀ ਕਿਸੇ ਨੇ ਕੋਈ ਭਰੋਸਾ ਹੀ ਦਿੱਤਾ। ਸ਼ਹੀਦਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਇਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ, ਉਦੋਂ ਤੱਕ ਇਹ ਸੀ.ਐਮ. ਦੇ ਘਰ ਦੇ ਅੱਗੇ ਹੀ ਬੈਠੇ ਰਹਿਣਗੇ। ਅਜਿਹੇ 'ਚ ਵੱਡਾ ਸਵਾਲ ਇਹੀ ਹੈ ਕਿ ਆਖਰ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਆਪਣੀਆਂ ਜਾਨਾਂ ਦੇ ਪਰਿਵਾਰਾਂ ਨੂੰ ਇਕੱਲਾ ਛੱਡ ਤੁਰ ਜਾਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦਾ ਦਰਦ ਸਾਡੀਆਂ ਸਰਕਾਰਾਂ ਨੂੰ ਕਦੋਂ ਦਿਖੇਗਾ।