ਬਰਨਾਲਾ: ਇੱਕ ਪੁੱਤ ਨੇ ਸ਼ੱਕ ਦੇ ਚੱਲਦੇ ਆਪਣੀ ਹੀ ਮਾਂ ਦਾ ਕਤਲ ਕਰ ਦਿੱਤਾ। ਇਲਜ਼ਾਮ ਹਨ ਕਿ ਮੁਲਜ਼ਮ ਨੂੰ ਆਪਣੀ ਮਤਰੇਈ ਮਾਂ ਦੇ ਚਰਿੱਤਰ 'ਤੇ ਸ਼ੱਕ ਸੀ, ਜਿਸ ਦੇ ਚੱਲਦੇ ਉਸ ਨੇ ਇਸ ਖਤਰਨਾਕ ਕਾਰੇ ਨੂੰ ਅੰਜਾਮ ਦਿੱਤਾ। ਉਸ ਦੇ ਇਸ ਗੁਨਾਹ ਦੀ ਗਵਾਹ ਹੈ ਉਸ ਦੀ ਭੈਣ ਜਿਸ ਦੇ ਸਾਹਮਣੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਜਸਪਾਲ ਕੌਰ ਉਰਫ ਪਾਲੋ ਦੀ ਅੱਠਵੀਂ 'ਚ ਪੜਦੀ ਧੀ ਰਮਨਪ੍ਰੀਤ ਕੌਰ ਮੁਤਾਬਕ ਉਸ ਦਾ ਭਰਾ ਚਮਕੌਰ ਸਿੰਘ ਨਸ਼ਾ ਕਰਨ ਦਾ ਆਦੀ ਹੈ ਤੇ ਉਸ ਦੀ ਮਾਂ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ। ਚਮਕੌਰ ਪਹਿਲਾਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਆਪਣੀ ਮਾਂ ਦੇ ਚਰਿੱਤਰ ਬਾਰੇ ਕਹਿੰਦਿਆਂ ਉਸ ਦੇ ਕਤਲ ਦੀ ਧਮਕੀ ਦੇ ਚੁੱਕਾ ਸੀ। ਕੱਲ੍ਹ ਜਦ ਉਸ ਦੀ ਮਾਂ ਪਾਲੋ ਕੱਪੜੇ ਧੋ ਰਹੀ ਸੀ ਤਾਂ ਚਮਕੌਰ ਨੇ ਬਾਹਰ ਦੇ ਗੇਟ ਨੂੰ ਤਾਲਾ ਲਾ ਦਿੱਤਾ ਅਤੇ ਉਸ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਉਸ 'ਤੇ ਹਮਲਾ ਕਰ ਦਿੱਤਾ। ਰਮਨਪ੍ਰੀਤ ਆਪਣੀ ਮਾਂ ਨੂੰ ਬਚਾਉਣ ਲਈ ਅੱਗੇ ਆਈ ਪਰ ਚਮਕੌਰ ਫਿਰ ਵੀ ਪਿੱਛੇ ਨਾ ਹਟਿਆ ਤੇ ਆਪਣੀ ਮਾਂ ਨੂੰ ਲੋਹੇ ਦੀ ਰਾਡ ਨਾਲ ਉਸ ਸਮੇਂ ਤੱਕ ਮਾਰਦਾ ਰਿਹਾ, ਜਦੋਂ ਤੱਕ ਉਸ ਦੀ ਮੌਤ ਨਹੀਂ ਹੋ ਗਈ।
ਜਾਣਕਾਰੀ ਮੁਤਾਬਕ ਕਤਲ ਕਰਨ ਤੋਂ ਬਾਅਦ ਚਮਕੌਰ ਸਿੰਘ ਫਰਾਰ ਹੋ ਗਿਆ। ਪਰ ਜਾਂਦੇ ਸਮੇਂ ਉਸ ਨੇ ਗੁਆਂਢੀਆਂ ਨੂੰ ਕਿਹਾ ਕਿ "ਮੈਂ ਪਾਲੋ ਮਾਰ ਦਿੱਤੀ ਹੈ, ਤੁਸੀਂ ਜਿਹੜਾ ਪੁਲਿਸ ਨੂੰ ਫੋਨ ਕਰਨਾ ਹੈ ਕਰ ਦਿਓ।" ਇਸ 'ਤੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚੀ। ਪੁਲਿਸ ਨੇ ਥੋੜੀ ਹੀ ਦੇਰ 'ਚ ਭੱਜਣ ਦੀ ਕੋਸ਼ਿਸ਼ ਕਰ ਰਹੇ ਮੁਲਜ਼ਮ ਚਮਕੌਰ ਨੂੰ ਗ੍ਰਿਫਤਾਰ ਕਰ ਲਿਆ।