ਲੁਧਿਆਣਾ: ਗੁਰਦੁਆਰਾ ਸਾਹਿਬ ਦੇ ਸਰੋਵਰ 'ਚ ਡੁੱਬਣ ਕਾਰਨ 2 ਬੱਚਿਆਂ ਦੀ ਮੌਤ ਹੋ ਗਈ ਹੈ। ਘਟਨਾ ਲੁਧਿਆਣਾ ਦੇ ਪਿੰਡ ਠੱਕਰਵਾਲ ਦੇ ਗੁਰਦੁਆਰਾ ਸਾਹਿਬ 'ਚ ਵਾਪਰੀ ਹੈ। ਮ੍ਰਿਤਕ ਦੋਵੇਂ ਬੱਚੇਂ 8ਵੀਂ ਕਲਾਸ ਦੇ ਵਿਦਿਆਰਥੀ ਸਨ। ਦੋਵੇਂ ਇਸੇ ਪਿੰਡ ਦੇ ਰਹਿਣ ਵਾਲੇ ਸਨ। ਦੋਨਾਂ ਦੀਆਂ ਲਾਸ਼ਾਂ ਬਾਹਰ ਕੱਢ ਲਈਆਂ ਗਈਆਂ ਹਨ।

 

 

ਜਾਣਕਾਰੀ ਮੁਤਾਬਕ 15 ਸਾਲਾ ਰਮਨ ਤੇ 14 ਸਾਲਾ ਸੂਰਜ ਆਪਣੇ 2 ਹੋਰ ਦੋਸਤਾਂ ਨਾਲ ਗੁਰੂਦੁਆਰਾ ਸਾਹਿਬ 'ਚ ਮੱਥਾ ਟੇਕਣ ਆਏ ਸਨ। ਇੱਥੇ ਰਮਨ ਤੇ 14 ਸਾਲਾ ਸੂਰਜ ਇਸ਼ਨਾਨ ਕਰਨ ਲੱਗੇ ਜਦਕਿ 2 ਦੋਸਤ ਬਾਹਰ ਹੀ ਬੈਠ ਗਏ। ਇਸੇ ਦੌਰਾਨ ਅਚਾਨਕ ਦੋਵੇਂ ਗਹਿਰੇ ਪਾਣੀ 'ਚ ਡੁੱਬ ਗਏ।

 

 

ਬਾਹਰ ਬੈਠੇ ਦੋਸਤਾਂ ਦੇ ਦੱਸਣ 'ਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਬੱਚਿਆਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਦੋਨਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ।