ਚੰਡੀਗੜ੍ਹ: ਰੀਓ ਓਲੰਪਿਕਸ 'ਚ ਭਾਰਤ ਲਈ ਸਿਲਵਰ ਮੈਡਲ ਜਿੱਤਣ ਵਾਲੀ ਪੀ.ਵੀ. ਸਿੰਧੂ 'ਤੇ ਦੇਸ਼ ਭਰ ਤੋਂ ਇਨਾਮਾਂ ਦੀ ਵਰਖਾ ਹੋ ਰਹੀ ਹੈ। ਦਿੱਲੀ ਦੀ 'ਆਪ' ਸਰਕਾਰ ਨੇ ਸਿੰਧੂ ਨੂੰ 2 ਕਰੋੜ ਤੇ ਤੇਲੰਗਾਨਾ ਸਰਕਾਰ ਵੱਲੋਂ 3 ਕਰੋੜ ਸਮੇਤ ਕਈ ਸੂਬਿਆਂ ਦੀ ਸਰਕਾਰ ਨੇ ਵੱਡੇ ਇਨਾਮ ਦੇਣ ਦਾ ਐਲਾਨ ਕੀਤਾ ਹੈ। ਪਰ ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਸਿੰਧੂ ਨੂੰ ਫੋਕੀ ਵਧਾਈ ਦਿੱਤੀ ਹੈ।     ਦਰਅਸਲ ਅੱਜ ਮੁੱਖ ਮੰਤਰੀ ਬਾਦਲ ਲੌਂਗੋਵਾਲ ਸਮਾਗਮ 'ਚ ਸ਼ਾਮਲ ਹੋਣ ਪਹੁੰਚੇ ਸਨ। ਇੱਥੇ ਉਨ੍ਹਾਂ ਨੂੰ ਪੱਤਰਕਾਰ ਨੇ ਪੁੱਛਿਆ ਕਿ ਉਲੰਪਿਕ 'ਚ ਦੇਸ਼ ਲਈ ਸਿਲਵਰ ਮੈਡਲ ਜਿੱਤਣ ਵਾਲੀ ਪੀਵੀ ਸਿੰਧੂ ਨੂੰ ਦਿੱਲੀ ਸਰਕਾਰ ਨੇ 2 ਕਰੋੜ ਤੇ ਹੋਰ ਸਰਕਾਰਾਂ ਨੇ ਵੀ ਕਰੋੜਾਂ ਦੇ ਇਨਾਮ ਦਿੱਤੇ ਹਨ, ਤੁਸੀਂ ਕੀ ਦਿਓਗੇ ..?  ਇਸ ਦੇ ਜਵਾਬ 'ਚ ਬਾਦਲ ਸਾਹਿਬ ਨੇ ਜਵਾਬ ਦਿੱਤਾ, "ਕਾਕਾ ਮੈਂ ਉਸ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ।" ਇੱਥੇ ਬਾਦਲ ਸਾਹਿਬ ਹੋਰਾਂ ਇੰਨਾ ਜਰੂਰ ਕਿਹਾ ਕਿ ਵੈਸੇ ਤਾਂ ਮੈਂ ਟੀਵੀ ਦੇਖਦਾ ਨਹੀਂ ਪਰ ਇਸ ਕੁੜੀ ਦੇ ਦੋਵੇਂ ਮੈਚ ਦੇਖੇ ਹਨ। ਬਹੁਤ ਸੋਹਣਾ ਖੇਡੀ ਹੈ। ਪਰ ਬਾਦਲ ਸਾਹਿਬ ਨੇ ਇੱਥੇ ਫੋਕੀ ਵਧਾਈ ਦੇ ਕੇ ਹੀ ਖਹਿੜਾ ਛੁਡਾ ਲਿਆ।     ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੀ ਸਿੰਧੂ ਨੂੰ ਦਿੱਲੀ ਸਰਕਾਰ ਨੇ 2 ਕਰੋੜ, ਤੇਲੰਗਾਨਾ ਸਰਕਾਰ ਨੇ 3 ਕਰੋੜ, ਮੱਧ ਪ੍ਰਦੇਸ਼ ਸਰਕਾਰ ਨੇ 50 ਲੱਖ ਰੁਪਏ, ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਸਿੰਧੂ ਨੂੰ ਇਸ ਵੱਡੀ ਉਪਲਬਧੀ ਲਈ 50 ਲੱਖ ਰੁਪਏ ਤੇ ਆਲ ਇੰਡੀਆ ਫੁਟਬਾਲ ਫੈਡਰੇਸ਼ਨ ਵੱਲੋਂ 5 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਸਿੰਧੂ ਦੇ ਕੋਚ ਪੁਲੇਲਾ ਗੋਪੀਚੰਦ 'ਤੇ ਵੀ ਇਨਾਮਾਂ ਦੀ ਵਰਖਾ ਹੋਣ ਵਾਲੀ ਹੈ। ਆਂਧਰ ਪ੍ਰਦੇਸ਼ ਦੀ ਸਰਕਾਰ ਗੋਪੀਚੰਦ ਨੂੰ 50 ਲੱਖ ਦਾ ਇਨਾਮ ਅਤੇ ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ ਗੋਪੀਚੰਦ ਨੂੰ 10 ਲੱਖ ਰੁਪਏ ਦਾ ਇਨਾਮ ਦਵੇਗੀ।