ਲੁਧਿਆਣਾ: 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਪੰਜਾਬ ਸਰਕਾਰ 'ਤੇ ਢਿੱਲੀ ਕਾਰਵਾਈ ਕਰਨ ਵਾਲੀ ਅਫਸਰਸ਼ਾਹੀ ਖਿਲਾਫ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫਤਰ ਬਾਹਰ ਪੰਜ ਦੰਗਾ ਪੀੜਤਾਂ ਮਰਨ ਵਰਤ 'ਤੇ ਬੈਠ ਗਈਆਂ ਹਨ। ਹਾਲਾਂਕਿ ਇਨ੍ਹਾਂ ਦੀ ਭੁੱਖ ਹੜਤਾਲ ਪਿਛਲੇ 4 ਦਿਨ ਤੋਂ ਚੱਲ ਰਹੀ ਹੈ। ਕੱਲ੍ਹ ਦੰਗਾ ਪੀੜਤਾਂ ਨੇ ਲੁਧਿਆਣਾ ਦੀ ਨਵੀਂ ਕਚਿਹਰੀ ਬਾਹਰ ਪੰਜਾਬ ਸਰਕਾਰ ਦਾ ਪੁਤਲਾ ਫੂਕ ਧਮਕੀ ਦਿੰਦਿਆਂ ਕਿਹਾ ਸੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾਲ ਮੰਨੀਆ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਰੋਜ਼ਾਨਾ ਇੱਕ ਦੰਗਾ ਪੀੜਤ ਮਹਿਲਾ ਆਤਮਦਾਹ ਕਰੇਗੀ।
ਇਨਸਾਫ ਤੇ ਆਪਣੇ ਹੱਕਾਂ ਦੀ ਲੜਾਈ ਲਈ ਲੰਮੇ ਸਮੇਂ ਤੋਂ ਲੜਨ ਵਾਲੇ ਦੰਗਾ ਪੀੜਤਾਂ ਦਾ ਸਬਰ ਹੁਣ ਜਵਾਬ ਦੇ ਗਿਆ ਹੈ। ਇਨ੍ਹਾਂ ਨੇ ਆਪਣੀਆਂ ਮੰਗਾਂ ਪੂਰੀਆਂ ਨਾ ਹੁੰਦਿਆਂ ਦੇਖ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਸਿੱਖ ਦੰਗਾ ਪੀੜਤ ਵੈੱਲਫੇਅਰ ਸੁਸਾਇਟੀ ਦੀ ਮਹਿਲਾ ਵਿੰਗ ਦੀ ਪ੍ਰਧਾਨ ਗੁਰਦੀਪ ਕੌਰ ਦੀ ਅਗਵਾਈ 'ਚ ਗੁਰਮੇਲ ਕੌਰ, ਭੁਪਿੰਦਰ ਕੌਰ, ਸੁਰਜੀਤ ਕੌਰ ਤੇ ਗੁਰਦੇਵ ਕੌਰ ਨੇ ਜਿਲ੍ਹੇ ਦੇ ਡੀਸੀ ਦਫਤਰ ਅੱਗੇ ਧਰਨਾ ਲਾ ਕੇ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ।
ਦੰਗਾ ਪੀੜਤਾਂ ਨੇ ਕਿਹਾ ਕਿ ਸਿੱਖ ਕਤਲੇਆਮ ਨੂੰ ਤਕਰੀਬਨ 32 ਸਾਲ ਹੋ ਗਏ ਹਨ। ਪੰਜਾਬ-ਹਰਿਆਣਾ ਹਾਈਕੋਰਟ ਨੇ ਫੈਸਲਾ ਕੀਤਾ ਹੈ ਕਿ ਪੰਜਾਬ ਸਰਕਾਰ ਰਹਿਣ ਲਈ ਘਰ ਮੁਹੱਈਆ ਕਰਵਾਏ ਪਰ ਘਰ ਵੀ ਨਹੀਂ ਮਿਲੇ। ਸਰਕਾਰ ਨੇ ਨਾ ਤਾਂ ਦੰਗਾ ਪੀੜਤਾਂ ਨੂੰ ਨੌਕਰੀ ਦਿੱਤੀ ਹੈ ਤੇ ਨਾ ਹੀ ਰੁਜ਼ਗਾਰ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆ, ਇਹ ਪ੍ਰਦਰਸ਼ਨ ਇਸ ਤਰ੍ਹਾਂ ਹੀ ਜਾਰੀ ਰਹੇਗਾ।