ਮਾਨਸਾ: ਜਿਲ੍ਹੇ ਦੇ ਪਿੰਡ ਘਰਾਂਗਣਾ 'ਚ ਇੱਕ ਦਲਿਤ ਨੌਜਵਾਨ ਦੇ ਕਤਲ ਤੋਂ ਬਾਅਦ ਪੀੜਤ ਪਰਿਵਾਰ ਲਗਾਤਾਰ ਪ੍ਰਦਰਸ਼ਨ ਕਰ ਰਿਹਾ ਹੈ। ਪਰਿਵਾਰ, ਰਿਸ਼ਤੇਦਾਰ ਤੇ ਸਥਾਨਕ ਲੋਕ ਕੱਲ੍ਹ ਤੋਂ ਧਰਨੇ 'ਤੇ ਬੈਠੇ ਹਨ। ਇਸ ਧਰਨੇ ਨੂੰ ਕਾਂਗਰਸ ਦੇ ਸੀਨੀਅਰ ਲੀਡਰਾਂ ਦਾ ਵੀ ਸਾਥ ਮਿਲਿਆ ਹੋਇਆ ਹੈ। ਪਰਿਵਾਰ ਨੇ ਸਾਫ ਕੀਤਾ ਹੈ ਕਿ ਜਦੋਂ ਤੱਕ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਹੋਵੇਗੀ ਉਹ ਮ੍ਰਿਤਕ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ।
ਦਰਅਸਲ ਦੋ ਦਿਨ ਪਹਿਲਾਂ ਇੱਕ 20 ਸਾਲਾ ਦਲਿਤ ਨੌਜਵਾਨ ਸੁਖਚੈਨ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਮੁਲਜ਼ਮਾਂ ਨੇ ਮ੍ਰਿਤਕ ਦੇ ਕਈ ਅੰਗ ਤੱਕ ਕੱਟ ਦਿੱਤੇ ਹਨ। ਇਲਜ਼ਾਮ ਸਨ ਕਿ ਕਾਤਲ ਜਾਂਦੇ ਹੋਏ ਮ੍ਰਿਤਕ ਦੀ ਇੱਕ ਲੱਤ ਵੀ ਆਪਣੇ ਨਾਲ ਲੈ ਗਏ। ਹਾਲਾਂਕਿ ਬਾਅਦ ਚ ਪੁਲਿਸ ਨੇ ਮ੍ਰਿਤਕ ਦੀ ਲੱਤ ਮੌਕਾ ਵਾਰਦਾਤ ਤੋਂ ਹੀ ਬਰਾਮਦ ਕਰ ਲਈ ਸੀ। ਪੁਲਿਸ ਨੇ ਮਾਮਲੇ ਦੀ ਗੰਭਾਰਤਾ ਨੂੰ ਦੇਖਦਿਆਂ 6 ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ। ਹਾਲਾਂਕਿ ਸਾਰੇ ਮੁਲਜ਼ਮ ਅਜੇ ਫਰਾਰ ਹਨ। ਪੀੜਤ ਪਰਿਵਾਰ ਨੇ ਸਾਫ ਕੀਤਾ ਹੈ ਕਿ ਜਦ ਤੱਕ ਮੁਲਜ਼ਮ ਗ੍ਰਿਫਤਾਰ ਨਹੀਂ ਕੀਤੇ ਜਾਂਦੇ ਉਹ ਅੰਤਿਮ ਸੰਸਕਾਰ ਨਹੀਂ ਕਰਨਗੇ।
ਜਾਣਕਾਰੀ ਮੁਤਾਬਕ ਪਿੰਡ ਦੇ 20 ਸਾਲਾ ਦਲਿਤ ਨੌਜਵਾਨ ਸੁਖਚੈਨ ਸਿੰਘ ਦਾ ਕਤਲ ਸ਼ਰਾਬ ਮਾਫੀਆ ਦੇ ਝਗੜੇ ‘ਚ ਕੀਤਾ ਗਿਆ ਹੈ। ਸੁਖਚੈਨ ਦੀਆਂ ਦੋਵੇਂ ਲੱਤਾਂ ਤੇ ਇੱਕ ਬਾਂਹ ਵੱਡ ਦਿੱਤੀ ਗਈ। ਮ੍ਰਿਤਕ ਦੇ ਪਿਤਾ ਰੇਸ਼ਮ ਸਿੰਘ ਦਾ ਇਲਜ਼ਾਮ ਹੈ ਕਿ ਬਲਵੀਰ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਬੇਰਹਿਮੀ ਵਾਲੇ ਕਾਰੇ ਨੂੰ ਅੰਜਾਮ ਦਿੱਤਾ ਹੈ।