ਅੰਮ੍ਰਿਤਸਰ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਪਾਣੀ ਦੀਆਂ ਬੱਸਾਂ ਦਾ ਸੁਫਨਾ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਹਾਲਾਂਕਿ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਲਗਾਤਾਰ ਤਿਆਰੀਆਂ ਚੱਲ ਰਹੀਆਂ ਹਨ ਪਰ ਬਾਵਜੂਦ ਇਸ ਦੇ ਇੱਕ ਤੋਂ ਬਾਅਦ ਇੱਕ ਤਾਰੀਕਾਂ ਦਿੱਤੀਆਂ ਜਾ ਰਹੀਆਂ ਹਨ ਤੇ ਪ੍ਰਾਜੈਕਟ ਲਟਕਦਾ ਜਾ ਰਿਹਾ ਹੈ।


 

 

ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਐਲਾਨ ਕੀਤਾ ਸੀ ਕਿ ਪੰਜਾਬ ਦੇ ਲੋਕ ਜੂਨ ਮਹੀਨੇ ਤੋਂ ਜਲ ਬੱਸਾਂ ਦਾ ਅਨੰਦ ਲੈਣਗੇ ਪਰ ਅਜਿਹਾ ਨਹੀਂ ਹੋ ਸਕਿਆ। ਇਸ ਤੋਂ ਬਾਅਦ ਜੁਲਾਈ ਮਹੀਨੇ ਦੀ ਤਾਰੀਕ ਦਿੱਤੀ ਗਈ। ਫਿਰ ਅਗਸਤ ਤੇ ਹੁਣ ਸਤੰਬਰ ਮਹੀਨੇ ਇਸ ਪ੍ਰਾਜੈਕਟ ਦੇ ਪੂਰੇ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਹਾਲਾਂਕਿ ਸਤੰਬਰ 'ਚ ਵੀ ਇਸ ਬੱਸ ਦਾ ਟ੍ਰਾਇਲ ਸ਼ੁਰੂ ਕਰਨ ਦੀ ਗੱਲ ਕਹੀ ਜਾ ਰਹੀ ਹੈ।

 

 

ਜਦ ਇਸ ਪ੍ਰਾਜੈਕਟ ਦੀ ਜ਼ਮੀਨੀ ਹਕੀਕਤ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸੱਚ ਹਕੀਕਤ ਤੋਂ ਕੋਸਾਂ ਦੂਰ ਨਜ਼ਰ ਸੀ। ਜਿਸ ਥਾਂ ਤੋਂ ਬੱਸ ਨੇ ਪਾਣੀ 'ਚ ਉੱਤਰਨਾ ਹੈ, ਅਜੇ ਤਾਂ ਉਹ ਰੈਂਪ ਵੀ ਨਹੀਂ ਬਣਿਆ ਹੈ। ਇਸ ਤੋਂ ਇਲਾਵਾ ਇੱਥੋਂ ਤੱਕ ਸੈਲਾਨੀਆਂ ਨੂੰ ਕਿਵੇਂ ਲਿਆਂਦਾ ਜਾਣਾ ਹੈ, ਉਸ ਦੇ ਲਈ ਕੋਈ ਸੜਕ ਤੱਕ ਨਹੀਂ ਬਣੀ ਹੈ। ਹਾਲਾਂਕਿ ਅਧਿਕਾਰੀਆਂ ਦਾ ਦਾਅਵਾ ਹੈ ਕਿ 10-15 ਦਿਨ ਤੱਕ ਰੈਂਪ ਬਣ ਕੇ ਤਿਆਰ ਹੋ ਜਾਏਗਾ ਪਰ ਇਨ੍ਹਾਂ ਦਾਅਵਿਆਂ ਦੇ ਬਾਵਜੂਦ ਜ਼ਮੀਨੀ ਹਕੀਕਤ ਜਾਣਨ ਤੋਂ ਬਾਅਦ ਇਹ ਪ੍ਰਾਜੈਕਟ ਇੰਨੀ ਜਲਦੀ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ।