ਅੰਮ੍ਰਿਤਸਰ: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਅੱਜ ਮਨਾਇਆ ਜਾ ਰਿਹਾ ਹੈ। ਅੱਜ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਇਹ ਅਲੌਕਿਕ ਨਗਰ ਕੀਰਤਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਜਾਵੇਗਾ। ਇਸ ਪਵਿੱਤਰ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਸਬੰਧੀ ਅੰਮ੍ਰਿਤਸਰ ਵਿਖੇ ਤਿਆਰੀਆਂ ਕਈ ਦਿਨਾਂ ਤੋਂ ਹੀ ਚੱਲ ਰਹੀਆਂ ਸਨ। ਇਸ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ 1 ਸਤੰਬਰ ਨੂੰ ਹੀ ਮਨਾਇਆ ਜਾਂਦਾ ਸੀ। ਪਰ ਐਸਜੀਪੀਸੀ ਦੇ ਸੋਧੇ ਨਾਨਕਸ਼ਾਹੀ ਕੈਲੰਡਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦਾ ਇਤਿਹਾਸਕ ਦਿਨ ਬਦਲ ਦਿੱਤਾ ਹੈ।
ਕੱਲ੍ਹ 1 ਸਤੰਬਰ ਨੂੰ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਸ਼ਾਮ 4 ਵਜੇ ਤੋਂ ਰਾਤ 11 ਵਜੇ ਤੱਕ ਮਹਾਨ ਗੁਰਮਤਿ ਸਮਾਗਮ ਕਰਵਾਏ ਗਏ। ਜਿਸ ਵਿੱਚ ਪੰਥ ਪ੍ਰਸਿੱਧ ਕਥਾਵਾਚਕ, ਰਾਗੀ ਸਾਹਿਬਾਨ ਤੇ ਪ੍ਰਚਾਰਕ ਸੰਗਤ ਨਾਲ ਗੁਰਬਾਣੀ ਵਿਚਾਰ ਤੇ ਕੀਰਤਨ ਗਾਇਨ ਦੀ ਸਾਂਝ ਪਾਈ। ਵੱਡੀ ਗਿਣਤੀ ਸੰਗਤਾਂ ਇਸ ਸਮਾਗਮ ਚ ਸ਼ਾਮਲ ਹੋਈਆਂ। ਅੱਜ ਰਾਤ ਨੂੰ ਖੂਬਸੂਰਤ ਦੀਪਮਾਲਾ ਨਾਲ ਸੱਚਖੰਡ ਜਗਮਗਾ ਉੱਠੇਗਾ ਤੇ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਮਨਮੋਹਕ ਆਤਿਸ਼ਬਾਜ਼ੀ ਵੀ ਹੋਵੇਗੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗਵਾਈ ਚ ਸਵੇਰ ਤੋਂ ਆਰੰਭ ਹੋਏ ਨਗਰ ਕੀਰਤਨ ਚ ਗੁਰੂ ਜਸ ਗਾਇਨ ਕਰਨ ਵਾਲੀ ਸੰਗਤ ਦੇ ਨਾਲ ਵੱਖ-ਵੱਖ ਸਕੂਲਾਂ ਕਾਲਜਾਂ ਦੇ ਵਿਦਿਆਰਥੀ, ਬੈਂਡ ਪਾਰਟੀਆਂ, ਗਤਕਾ ਅਖਾੜੇ ਤੇ ਸਮੁੱਚੀਆਂ ਸਭਾ ਸੁਸਾਇਟੀਆਂ ਤੇ ਧਾਰਮਿਕ ਜਥੇਬੰਦੀਆਂ ਸ਼ਮਲ ਹਨ। ਇਸ ਦੇ ਨਾਲ ਹੀ ਗੁ. ਮੰਜੀ ਸਾਹਿਬ ਦੀਵਾਨ ਹਾਲ ਵਿਖੇ ਰਾਤ 8 ਵਜੇ ਤੋਂ 1 ਵਜੇ ਤੱਕ ਸ਼ਬਦ ਵਿਚਾਰ ਤੇ ਕੀਰਤਨ ਦਰਬਾਰ ਸਜਾਇਆ ਜਾਵੇਗਾ।
ਗੁ. ਰਾਮਸਰ ਸਾਹਿਬ ਉਹੀ ਪਾਵਨ ਅਸਥਾਨ ਹੈ ਜਿੱਥੇ ਪੰਚਮ ਪਾਤਸ਼ਾਹ ਗੁਰੂ ਅਰਜਨ ਪਾਤਸ਼ਾਹ ਨੇ ਧੁਰਕੀ ਬਾਣੀ ਦੀ ਸੰਪਾਦਨਾ ਦਾ ਮਹਾਂ-ਕਾਰਜ ਭਾਈ ਗੁਰਦਾਸ ਜੀ ਤੇ ਭਾਈ ਮਨੀ ਸਿੰਘ ਪਾਸੋਂ ਕਰਵਾਇਆ ਸੀ। ਜਿਸਤੋਂ ਬਾਅਦ 1606 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਦਿ ਬੀੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਸੀ ਤੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਥਾਪਿਆ ਗਿਆ ਸੀ। ਉਸ ਮਹਾਨ ਦਿਨ ਨੂੰ ਇੱਥੇ ਸੰਗਤ ਦਾ ਭਰਪੂਰ ਇਕੱਠ ਹੋਇਆ ਸੀ।