ਅੰਮ੍ਰਿਤਸਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 500 ਤੇ 1000 ਦੇ ਨੋਟ ਬੰਦ ਕਰਨ ਦੇ ਧਮਾਕੇ ਨਾਲ ਆਮ ਬੰਦਾ ਬੌਂਦਲ ਗਿਆ ਹੈ। ਸਰਕਾਰ ਦੇ ਐਲਾਨ ਤੋਂ ਬਾਅਦ ਕੱਲ੍ਹ ਰਾਤ ਤੋਂ ਹੀ ਆਮ ਲੋਕ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ।
ਅੱਜ ਇਨ੍ਹਾਂ ਨੋਟਾਂ ਕਰਕੇ ਪ੍ਰੇਸ਼ਾਨ ਹੁੰਦੇ ਲੋਕ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ 'ਤੇ ਵੀ ਦਿਖਾਈ ਦਿੱਤੇ। ਲੋਕਾਂ ਨੇ ਜਦੋਂ 500 ਜਾਂ 1000 ਦਾ ਨੋਟ ਦੇ ਕੇ ਟਿਕਟ ਮੰਗੀ ਤਾਂ ਟਿਕਟ ਕਾਊਂਟਰ 'ਤੇ ਬੈਠੇ ਅਧਿਕਾਰੀ ਨੇ ਉਨ੍ਹਾਂ ਨੂੰ ਟਿਕਟ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ। ਹਾਲਾਂਕਿ ਰੇਲਵੇ ਅਧਿਕਾਰੀ ਇਸ ਪਿੱਛੇ ਉਨ੍ਹਾਂ ਕੋਲ 100-100 ਦੇ ਨੋਟ ਨਾ ਹੋਣਾ ਹੀ ਮੁੱਖ ਕਾਰਨ ਦੱਸ ਰਹੇ ਹਨ।
ਰੇਲਵੇ ਸਟੇਸ਼ਨ 'ਤੇ ਪ੍ਰੇਸ਼ਾਨ ਹੁੰਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਸੇਵਰ ਤੋਂ ਹੀ ਕਤਾਰਾਂ ਵਿੱਚ ਲੱਗੇ ਹੋਏ ਸਨ। ਜਦੋਂ ਉਨ੍ਹਾਂ ਦੀ ਵਾਰੀ ਆਈ ਤਾਂ ਉਨ੍ਹਾਂ ਨੂੰ ਇਹ ਕਹਿ ਕੇ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਕੋਲ ਵਾਪਸ ਦੇਣ ਨੂੰ 100 ਦੇ ਨੋਟ ਨਹੀਂ ਹਨ। ਇਸ ਲਈ 500-1000 ਦੀ ਥਾਂ ਛੋਟੇ ਨੋਟ ਦਿੱਤੇ ਜਾਣ।
ਓਧਰ ਰੇਲਵੇ ਅਧਿਕਾਰੀ ਨੇ ਕਿਹਾ ਕੇ ਲੋਕਾਂ ਦੇ ਪ੍ਰੇਸ਼ਾਨ ਹੋਣ ਪਿੱਛੇ ਮੁੱਖ ਕਾਰਨ ਇਹ ਹੈ ਕਿ ਸਰਕਾਰ ਨੇ ਇਨ੍ਹਾਂ ਨੋਟਾਂ ਨੂੰ ਬੰਦ ਕਾਰਨ ਦਾ ਐਲਾਨ ਤਾਂ ਕਰ ਦਿੱਤਾ ਪਰ ਸਾਨੂੰ 100 ਦੇ ਨੋਟ ਮੁਹੱਈਆ ਨਹੀਂ ਕਰਵਾਏ ਗਏ। ਇਸ ਕਰਕੇ ਆਮ ਜਨਤਾ ਪ੍ਰੇਸ਼ਾਨ ਹੋ ਰਹੀ ਹੈ।